ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖ਼ਿਲੇਸ਼ ਯਾਦਵ ਨੇ ਦੋਸ਼ ਲਾਇਆ ਹੈ ਕਿ ਪੂਰੇ ਭਾਰਤ ਵਿਚ ਈਵੀਐਮਜ਼ ਜਾਂ ਤਾਂ ਗੜਬੜੀ ਦਾ ਸ਼ਿਕਾਰ ਹਨ ਜਾਂ ਫਿਰ ਭਾਜਪਾ ਦੇ ਪੱਖ ਵਿਚ ਭੁਗਤ ਰਹੀਆਂ ਹਨ। ਅਖ਼ਿਲੇਸ਼ ਨੇ ਚੋਣ ਕਮਿਸ਼ਨ ਨੂੰ ਟੈਗ ਕਰਦਿਆਂ ਇਸ ਬਾਰੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਧਿਕਾਰੀ ਕਹਿੰਦੇ ਹਨ ਕਿ ਚੋਣ ਅਧਿਕਾਰੀ ਈਵੀਐਮ ਦੀ ਵਰਤੋਂ ਦੇ ਪੱਖ ਤੋਂ ਸਿੱਖਿਅਤ ਨਹੀਂ ਹਨ। ਸਾਢੇ ਤਿੰਨ ਸੌ ਤੋਂ ਜ਼ਿਆਦਾ ਈਵੀਐਮਜ਼ ਬਦਲੀਆਂ ਜਾ ਰਹੀਆਂ ਹਨ। ਸਪਾ ਆਗੂ ਨੇ ਕਿਹਾ ਕਿ ਇਹ ਚੋਣ ਪ੍ਰਕਿਰਿਆ ਦੇ ਲਿਹਾਜ਼ ਨਾਲ ਅਪਰਾਧਕ ਲਾਪਰਵਾਹੀ ਹੈ, ਉਹ ਚੋਣ ਪ੍ਰਕਿਰਿਆ ਜਿਸ ’ਤੇ 50,000 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ। ਇਟਾਵਾ ਦੇ ਸੈਫ਼ਈ ਵਿਚ ਵੋਟ ਪਾਉਣ ਤੋਂ ਬਾਅਦ ਅਖਿਲੇਸ਼ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਰਾਮਪੁਰ ਵਿਚ ਈਵੀਐਮ ਦੀ ਖਰਾਬੀ ਦਾ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਾਣਕਾਰੀ ਮਿਲੀ ਹੈ ਕਿ ਰਾਜ ਦੇ ਇਕ ਮੰਤਰੀ ਬਦਾਯੂੰ ਵਿਚ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉੱਥੋਂ ਉਨ੍ਹਾਂ ਦੇ ਬੇਟੀ ਚੋਣ ਲੜ ਰਹੀ ਹੈ। ਅਧਿਕਾਰੀ ਕਹਿ ਰਹੇ ਕਿ ਸਹੀ ਢੰਗ ਨਾਲ ਸਿਖ਼ਲਾਈ ਨਹੀਂ ਮਿਲੀ, ਇਸ ਲਈ ਈਵੀਐਮਜ਼ ਚਲਾਉਣ ਵਿਚ ਮੁਸ਼ਕਲ ਆ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਇਹੀ ਡਿਜੀਟਲ ਇੰਡੀਆ ਹੈ।
INDIA ਈਵੀਐਮਜ਼ ਜਾਂ ਖ਼ਰਾਬ ਜਾਂ ਭਾਜਪਾ ਦੇ ਪੱਖ ’ਚ ਭੁਗਤ ਰਹੀਆਂ ਨੇ ਅਖ਼ਿਲੇਸ਼