ਈਯੂ ਨੇ ਬਰਤਾਨੀਆ ਨੂੰ ਦਿੱਤੀ ਚਿਤਾਵਨੀ, ਕਿਹਾ – ਬ੍ਰੈਗਜ਼ਿਟ ‘ਤੇ ਦੋਸ਼ ਲਾਉਣੇ ਬੰਦ ਕਰੇ

ਲੰਡਨ  : ਬ੍ਰੈਗਜ਼ਿਟ ਨੂੰ ਲੈ ਕੇ ਯੂਰਪੀ ਯੂਨੀਅਨ (ਈਯੂ) ਤੇ ਬਰਤਾਨੀਆ ਵਿਚਕਾਰ ਤਲਖ਼ੀ ਵਧ ਗਈ ਹੈ। ਈਯੂ ਨੇ ਮੰਗਲਵਾਰ ਨੂੰ ਬਰਤਾਨੀਆ ਨੂੰ ਕਿਹਾ ਕਿ ਉਹ ਬ੍ਰੈਗਜ਼ਿਟ ‘ਤੇ ਮੂਰਖ਼ਤਾ ਭਰੇ ਦੋਸ਼ ਲਾਉਣੇ ਬੰਦ ਕਰੇ। ਈਯੂ ਦਾ ਇਹ ਸਖ਼ਤ ਬਿਆਨ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਦਫ਼ਤਰ ਡਾਊਨਿੰਗ ਸਟ੍ਰੀਟ ਦੇ ਸੂਤਰ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਸੰਭਵ ਨਹੀਂ ਹੈ ਕਿਉਂਕਿ ਜਰਮਨ ਚਾਂਸਲਰ ਏਂਜਲਾ ਮਰਕਲ ਨੇ ਅਜਿਹੀ ਮੰਗ ਰੱਖੀ ਹੈ ਜਿਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ।

ਬਰਤਾਨਵੀ ਪ੍ਰਧਾਨ ਮੰਤਰੀ ਜੌਨਸਨ ਨੇ ਪਿਛਲੇ ਹਫ਼ਤੇ ਇਕ ਪ੍ਰਸਤਾਵ ਰੱਖਿਆ ਸੀ। ਜਿਸ ‘ਚ ਹੋਰਨਾਂ ਕਈ ਬਿੰਦੂਆਂ ਦੇ ਨਾਲ ਹੀ ਉੱਤਰੀ ਆਇਰਲੈਂਡ ਨੂੰ ਈਯੂ ਦੇ ਕਸਟਮ ਯੂਨੀਅਨ ਤੋਂ ਵੱਖ ਰੱਖਣ ਦੀ ਗੱਲ ਕਹੀ ਗਈ ਸੀ। ਮੰਗਲਵਾਰ ਨੂੰ ਜੌਨਸਨ ਤੇ ਮਰਕਲ ਦਰਮਿਆਨ ਫੋਨ ‘ਤੇ ਗੱਲ ਹੋਈ। ਜੌਨਸਨ ਦੇ ਦਫ਼ਤਰ ਦੇ ਸੂਤਰ ਨੇ ਦੱਸਿਆ ਕਿ ਮਰਕਲ ਨੇ ਸਾਫ਼ ਕਿਹਾ ਹੈ ਕਿ ਜੇਕਰ ਉੱਤਰੀ ਆਇਰਲੈਂਡ ਨੂੰ ਈਯੂ ਦੇ ਕਸਟਮ ਯੂਨੀਅਨ ਤੋਂ ਵੱਖ ਰੱਖਿਆ ਜਾਂਦਾ ਹੈ ਤਾਂ ਫਿਰ ਕੋਈ ਸਮਝੌਤਾ ਸੰਭਵ ਨਹੀਂ ਹੈ।

ਇਸ ‘ਤੇ ਯੂਰਪੀ ਕੌਂਸਲ ਦੇ ਮੁਖੀ ਡੋਨਾਲਡ ਟਸਕ ਨੇ ਟਵੀਟ ਕਰ ਕੇ ਜੌਨਸਨ ‘ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਜੌਨਸਨ ਬੇਵਕੂਫੀ ਭਰੇ ਦੋਸ਼ ਲਗਾ ਰਹੇ ਹਨ, ਉਹ ਨਾ ਤਾਂ ਕੋਈ ਸਮਝੌਤਾ ਕਰਨਾ ਚਾਹੁੰਦੇ ਹਨ, ਨਾ ਹੀ ਬ੍ਰੈਗਜ਼ਿਟ ‘ਚ ਦੇਰੀ ਚਾਹੁੰਦੇ ਹਨ, ਨਾ ਹੀ ਸਥਿਤੀ ਪਹਿਲਾਂ ਵਾਲੀ ਬਣਾਈ ਰੱਖਣਾ ਚਾਹੁੰਦੇ ਹਨ। ਈਯੂ ਤੋਂ ਬਰਤਾਨੀਆ ਦੇ ਵੱਖ ਹੋਣ ‘ਚ ਹੁਣ ਸਿਰਫ਼ 23 ਦਿਨ ਬਚੇ ਹਨ। ਪਰ ਦੋਵਾਂ ਧਿਰਾਂ ਵਿਚਕਾਰ ਵੱਖਰੇਵੇਂ ਤੋਂ ਬਾਅਦ ਦੇ ਆਪਸੀ ਸਬੰਧਾਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਸਮਝੌਤਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਬ੍ਰੈਗਜ਼ਿਟ ‘ਚ ਦੇਰੀ ਜਾਂ ਬਿਨਾਂ ਸਮਝੌਤੇ ਬ੍ਰੈਗਜ਼ਿਟ ਨੂੰ ਲੈ ਕੇ ਦੋਵੇਂ ਧਿਰਾਂ ਖ਼ੁਦ ਨੂੰ ਪਾਕ-ਸਾਫ਼ ਦਿਖਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

Previous articleਪਾਕਿਸਤਾਨ ਨੇ ਭਾਰਤੀ ਜੋੜੇ ਨੂੰ ਸ਼ਾਰਦਾ ਪੀਠ ‘ਚ ਨਹੀਂ ਦਿੱਤੀ ਪੂਜਾ ਦੀ ਇਜਾਜ਼ਤ
Next articleਪੰਜਾਬੀਆਂ ਦੇ ਪਸੀਨੇ ਨਾਲ ਲਹਿਲਹਾ ਰਿਹੈ ਕੈਲੀਫੋਰਨੀਆ