ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਫੋਰਟਿਸ ਹੈਲਥਕੇਅਰ ਦੇ ਸਾਬਕਾ ਪਰਮੋਟਰ ਸ਼ਿਵਇੰਦਰ ਸਿੰਘ ਨੂੰ ਰੈਲੀਗੇਅਰ ਫਿਨਵੈਸਟ ਲਿਮਟਿਡ ਦੇ ਫੰਡਾਂ ਦੀ ਕਥਿਤ ਦੁਰਵਰਤੋਂ ਬਾਅਦ ਮਨੀਲਾਂਡਰਿੰਗ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। ਈਡੀ ਦੀ ਟੀਮ ਨੇ ਤਿਹਾੜ ਜੇਲ੍ਹ ਪੁੱਜ ਕੇ ਸ਼ਿਵਇੰਦਰ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਸ਼ਿਵਇੰਦਰ ਇਸ ਸਮੇਂ ਨਿਆਂਇਕ ਹਿਰਾਸਤ ਤਹਿਤ ਤਿਹਾੜ ਜੇਲ੍ਹ ਵਿੱਚ ਬੰਦ ਸੀ। ਇਸ ਤੋਂ ਪਹਿਲਾਂ ਇੱਥੋਂ ਦੀ ਇੱਕ ਅਦਾਲਤ ਨੇ ਸ਼ਿਵਇੰਦਰ ਸਿੰਘ ਦੀ ਜ਼ਮਾਨਤ ਅਰਜ਼ੀ ਅੱਜ ਰੱਦ ਕਰ ਦਿੱਤੀ ਹੈ। ਸ਼ਿਵਇੰਦਰ ਵਿਰੁੱਧ ਰੈਲੀਗੇਅਰ ਫਿਨਵੈਸਟ ਲਿਮਿਟਿਡ (ਆਰਐੱਫਐੱਲ) ਦੇ ਫੰਡਾਂ ’ਚ ਕਥਿਤ ਗਬਨ ਕਰਨ ਦਾ ਦੋਸ਼ ਹੈ। ਵਧੀਕ ਸੈਸ਼ਨ ਜੱਜ ਗੁਲਸ਼ਨ ਕੁਮਾਰ ਨੇ ਜ਼ਮਾਨਤ ਅਰਜ਼ੀ ਰੱਦ ਕਰਦਿਆਂ ਕਿਹਾ ਕਿ ਸ਼ਿਵਇੰਦਰ ਸਿੰਘ ਦੀ ਹਰ ਕੋਸ਼ਿਸ਼ ਤੋਂ ਅਜਿਹਾ ਜਾਪਦਾ ਹੈ ਕਿ ਉਹ ਇਨਸਾਫ਼ ਤੋਂ ਭੱਜਣਾ ਚਾਹੁੰਦੇ ਹਨ ਤੇ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।