ਜੇਬੀਟੀ ਅਧਿਆਪਕ ਮਾਮਲੇ ’ਚ ਸਜ਼ਾ-ਯਾਫ਼ਤਾ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਜੇਲ੍ਹ ਤੋਂ ਰਿਹਾਈ ਬਾਰੇ ਰਾਖਵੇਂ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਤੋਂ ਪਹਿਲਾਂ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਚੌਟਾਲਾ ਪਰਿਵਾਰ ਦੇ ਤੇਜਾਖੇੜਾ ਫਾਰਮ ’ਤੇ ਛਾਪਾ ਮਾਰਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਈਡੀ ਦੀ ਦਿੱਲੀ ਤੇ ਚੰਡੀਗੜ੍ਹ ’ਤੇ ਆਧਾਰਤ ਟੀਮ ਨੇ ਤੇਜਾਖੇੜਾ ਫਾਰਮ ਹਾਊਸ ਵਿੱਚ ਰਿਹਾਇਸ਼ੀ ਹਿੱਸੇ ਨੂੰ ਆਪਣੇ ਅਧਿਕਾਰ ’ਚ ਲੈ ਲਿਆ ਹੈ। ਟੀਮ ਵਿੱਚ ਈਡੀ ਅਧਿਕਾਰੀਆਂ ਨਾਲ ਵੱਡੀ ਗਿਣਤੀ ’ਚ ਸੀਆਰਪੀਐੱਫ਼ ਦੇ ਜਵਾਨ ਪਹੁੰਚੇ ਹੋਏ ਸਨ।
ਈਡੀ ਟੀਮ ਨੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਜਾਇਦਾਦ ਨੂੰ ਅਧਿਕਾਰ ਵਿੱਚ ਲੈਣ ਦਾ ਨੋਟਿਸ ਵੀ ਫਾਰਮ ਹਾਊਸ ਦੇ ਬਾਹਰ ਲੱਗੇ ਏਜੰਸੀ ਦੇ ਬੋਰਡ ’ਤੇ ਚਿਪਕਾ ਦਿੱਤਾ ਹੈ ਜਿਸ ’ਚ ਤੇਜਾਖੇੜਾ ’ਚ ਓਮ ਪ੍ਰਕਾਸ਼ ਚੌਟਾਲਾ ਦੀ ਮਾਲਕੀ ਵਾਲੀ ਜ਼ਮੀਨ 198 ਕਨਾਲ ਅਤੇ ਰਿਹਾਇਸ਼ੀ ਜਾਇਦਾਦ ਦਾ 50 ਫ਼ੀਸਦੀ ਹਿੱਸਾ, 15 ਮਰਲਾ (ਖੇਵਟ ਨੰਬਰ 97, 98, 99 ਅਤੇ 104) ਨੂੰ ਅਟੈਚ ਕਰਨ ਦਾ ਵੇਰਵਾ ਦਰਜ ਹੈ। ਇਸ ਕਾਰਵਾਈ ਨੂੰ ਸਾਬਕਾ ਮੁੱਖ ਮੰਤਰੀ ਦੀ ਜੇਲ੍ਹ ’ਚੋਂ ਰਿਹਾਈ ਬਾਰੇ ਰਾਖਵੇਂ ਅਦਾਲਤੀ ਫ਼ੈਸਲੇ ਦੇ ਮੱਦੇਨਜ਼ਰ ਸਿਆਸੀ ਦਬਾਅ ਕੀਤੀ ਗਈ ਮੰਨਿਆ ਜਾ ਰਿਹਾ ਹੈ।
ਈਡੀ ਦੇ ਜ਼ੋਨਲ ਦਫ਼ਤਰ ਚੰਡੀਗੜ੍ਹ ਦੇ ਅਸਿਸਟੈਂਟ ਡਾਇਰੈਕਟਰ ਨਰੇਸ਼ ਗੁਪਤਾ ਦੀ ਅਗਵਾਈ ਹੇਠਲੀ ਟੀਮ ਅੱਜ ਕਰੀਬ ਸਾਢੇ 11 ਵਜੇ ਫਾਰਮ ਹਾਊਸ ’ਤੇ ਪੁੱਜੀ। ਕਰੀਬ ਦੋ ਘੰਟੇ ਲੰਮੀ ਕਾਰਵਾਈ ’ਚ ਫਾਰਮ ਹਾਊਸ ਦੇ ਅੰਦਰ ਅਤੇ ਬਾਹਰ ਸੁਰੱਖਿਆ ਲਈ ਸੀਆਰਪੀਐੱਫ਼ ਦਾ ਸਖ਼ਤ ਪਹਿਰਾ ਰਿਹਾ।
INDIA ਈਡੀ ਵੱਲੋਂ ਚੌਟਾਲਾ ਦੇ ਤੇਜਾਖੇੜਾ ਫਾਰਮ ਹਾਊਸ ’ਤੇ ਛਾਪਾ