ਭਾਰਤ ਅਤੇ ਬੰਗਲਾਦੇਸ਼ ਵਿਚਾਲੇ 22 ਤੋਂ 26 ਨਵੰਬਰ ਤੱਕ ਇੱਥੇ ਈਡਨ ਗਾਰਡਨ ਵਿੱਚ ਖੇਡਿਆ ਜਾਣ ਵਾਲਾ ਲੜੀ ਦਾ ਦੂਜਾ ਟੈਸਟ ਕ੍ਰਿਕਟ ਮੈਚ ਦਿਨ-ਰਾਤ ਦਾ ਹੋਵੇਗਾ। ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਅੱਜ ਇਹ ਜਾਣਕਾਰੀ ਦਿੱਤੀ। ਗਾਂਗੁਲੀ ਨੇ ਇਸ ਟੈਸਟ ਨੂੰ ਗੁਲਾਬੀ ਗੇਂਦ ਨਾਲ ਖੇਡਣ ਦੀ ਤਜਵੀਜ਼ ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਸਾਹਮਣੇ ਰੱਖੀ ਸੀ।
ਬੰਗਲਾਦੇਸ਼ ਦੇ ਕ੍ਰਿਕਟਰ ਹਾਲਾਂਕਿ ਪਹਿਲਾਂ ਇਸ ਦੇ ਲਈ ਤਿਆਰ ਨਹੀਂ ਸਨ, ਪਰ ਬੋਰਡ ਨਾਲ ਕਈ ਗੇੜ ਦੀਆਂ ਮੀਟਿੰਗਾਂ ਮਗਰੋਂ ਉਹ ਦਿਨ-ਰਾਤ ਦੇ ਟੈਸਟ ਵਿੱਚ ਖੇਡਣ ਲਈ ਤਿਆਰ ਹੋ ਗਏ। ਗਾਂਗੁਲੀ ਨੇ ਇਸ ਦੇ ਨਾਲ ਹੀ ਨੌਂ ਮਹੀਨਿਆਂ ਦੇ ਆਪਣੇ ਕਾਰਜਕਾਲ ਦਾ ਇਹ ਪਹਿਲਾ ਵੱਡਾ ਫ਼ੈਸਲਾ ਕੀਤਾ ਹੈ।
ਗਾਂਗੁਲੀ ਨੇ ਕਿਹਾ, ‘‘ਇਹ ਚੰਗੀ ਪਹਿਲ ਹੈ। ਟੈਸਟ ਕ੍ਰਿਕਟ ਨੂੰ ਉਤਸ਼ਾਹਤ ਕਰਨ ਦੀ ਲੋੜ ਹੈ। ਮੈਂ ਅਤੇ ਮੇਰੀ ਟੀਮ ਨੇ ਇਸ ਦੇ ਲਈ ਕਾਫ਼ੀ ਮਿਹਨਤ ਕੀਤੀ ਹੈ। ਅਸੀਂ ਵਿਰਾਟ ਕੋਹਲੀ ਦਾ ਵੀ ਸ਼ੁਕਰੀਆ ਕਰਨਾ ਚਾਹੁੰਦੇ ਹਾਂ ਕਿ ਉਹ ਇਸ ਦੇ ਲਈ ਤਿਆਰ ਹੋਇਆ।’’
ਬੰਗਲਾਦੇਸ਼ ਦੇ ਦੱਖਣੀ ਅਫਰੀਕੀ ਕੋਚ ਰੱਸਲ ਡੌਮਿੰਗੋ ਨੇ ਢਾਕਾ ਵਿੱਚ ਕਿਹਾ ਕਿ ਇਸ ਗੱਲ ਨੂੰ ਲੈ ਕੇ ਚਿੰਤਾ ਹੈ ਕਿ ਮੈਚ ਕਿਸ ਤਰ੍ਹਾਂ ਦਾ ਹੋਵੇਗਾ, ਪਰ ਟੀਮ ਨੇ ਨਵੀਂ ਚੁਣੌਤੀ ਨੂੰ ਕਬੂਲ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਮੈਚ ਦੁਪਹਿਰ ਦੋ ਵਜੇ ਖੇਡਿਆ ਜਾਵੇਗਾ, ਜਿਸ ਵਿੱਚ ਚਾਹ ਅਤੇ ਰਾਤ ਦੇ ਖਾਣੇ ਦੀ ਬਰੇਕ ਹੋਵੇਗੀ। ਡੌਮਿੰਗੋ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਇਹ ਸ਼ਾਨਦਾਰ ਮੌਕਾ ਹੋਵੇਗਾ। ਮੈਨੂੰ ਨਹੀਂ ਲਗਦਾ ਕਿ ਭਾਰਤ ਨੇ ਵੀ ਕਦੇ ਗੁਲਾਬੀ ਗੇਂਦ (ਦਿਨ-ਰਾਤ ਟੈਸਟ ਵਿੱਚ ਵਰਤੀ ਜਾਣ ਵਾਲੀ ਗੇਂਦ) ਨਾਲ ਕ੍ਰਿਕਟ ਖੇਡੀ ਹੈ। ਈਡਨ ਗਾਰਡਨ ਵਿੱਚ ਦੁਨੀਆਂ ਦੀਆਂ ਸਰਵੋਤਮ ਟੀਮਾਂ ਵਿੱਚੋਂ ਇੱਕ ਖ਼ਿਲਾਫ਼ ਖੇਡਣਾ ਵੱਡਾ ਮੌਕਾ ਹੋਵੇਗਾ।’’ ਇਸ ਦੱਖਣੀ ਅਫਰੀਕੀ ਨੇ ਕਿਹਾ, ‘‘ਗੁਲਾਬੀ ਗੇਂਦ ਨਾਲ ਖੇਡਣ ਦੇ ਮਾਮਲੇ ਵਿੱਚ ਦੋਵੇਂ ਟੀਮਾਂ ਇੱਕ ਬਰਾਬਰ ਹਨ। ਕਈ ਵਾਰ ਬਦਲਾਅ ਚੰਗੇ ਹੁੰਦੇ ਹਨ।’’ ਭਾਰਤ ਵਿੱਚ ਪਹਿਲੀ ਵਾਰ ਗੁਲਾਬੀ ਗੇਂਦ ਨਾਲ ਮੈਚ ਕਰਵਾਉਣ ਦਾ ਸਿਹਰਾ ਵੀ ਗਾਂਗੁਲੀ ਨੂੰ ਜਾਂਦਾ ਹੈ। ਉਸ ਨੇ ਬੰਗਾਲ ਕ੍ਰਿਕਟ ਐਸੋਸੀਏਸ਼ਨ (ਕੈਬ) ਦਾ ਪ੍ਰਧਾਨ ਰਹਿੰਦਿਆਂ ਜੂਨ 2016 ਵਿੱਚ ਮੋਹਨ ਬਾਗ਼ਾਨ ਅਤੇ ਭਵਾਨੀਪੁਰ ਵਿਚਾਲੇ ਸੁਪਰ ਲੀਗ ਦਾ ਫਾਈਨਲ ਦਿਨ-ਰਾਤ ਦਾ ਕਰਵਾਇਆ ਸੀ। ਗਾਂਗੁਲੀ ਦੀ ਇਸ ਟੈਸਟ ਮੈਚ ਦੌਰਾਨ ਅਭਿਨਵ ਬਿੰਦਰਾ, ਐੱਮਸੀ ਮੇਰੀਕੌਮ ਅਤੇ ਪੀਵੀ ਸਿੰਧੂ ਵਰਗੇ ਓਲੰਪਿਕ ਤਗ਼ਮਾ ਜੇਤੂਆਂ ਨੂੰ ਸੱਦ ਕੇ ਸਨਮਾਨਿਤ ਕਰਨ ਦੀ ਯੋਜਨਾ ਹੈ।
ਗਾਂਗੁਲੀ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਆਸਟਰੇਲੀਆ ਵਿੱਚ ਸਾਲਾਨਾ ‘ਪਿੰਕ ਟੈਸਟ’ (ਦਿਨ-ਰਾਤ) ਟੈਸਟ ਮੈਚ ਹੁੰਦਾ ਹੈ, ਉਸੇ ਤਰ੍ਹਾਂ ਈਡਨ ਗਾਰਡਨ ਵਿੱਚ ਵੀ ਸਾਲ ’ਚ ਇੱਕ ਵਾਰ ਦਿਨ-ਰਾਤ ਦਾ ਟੈਸਟ ਮੈਚ ਖੇਡਿਆ ਜਾਵੇ। ਭਾਰਤੀ ਕ੍ਰਿਕਟਰ ਲੰਮੇ ਸਮੇਂ ਤੋਂ ਟੈਸਟ ਮੈਚ ਨੂੰ ਦਿਨ-ਰਾਤ ਖੇਡਣ ਤੋਂ ਬਚਦੇ ਰਹੇ ਹਨ, ਪਰ ਗਾਂਗੁਲੀ ਨੇ ਬੀਤੇ ਦਿਨੀਂ ਕਿਹਾ ਸੀ ਕਿ ਕਪਤਾਨ ਵਿਰਾਟ ਕੋਹਲੀ ਇਸ ਵਿਚਾਰ ਨਾਲ ਸਹਿਮਤ ਹੈ ਅਤੇ ਨੇੜ ਭਵਿੱਖ ਵਿੱਚ ਇਹ ਹੋ ਸਕਦਾ ਹੈ। ਬੰਗਲਾਦੇਸ਼ ਦੇ ਦੌਰੇ ਦੀ ਸ਼ੁਰੂਆਤ ਤਿੰਨ ਨਵੰਬਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਟੀ-20 ਕੌਮਾਂਤਰੀ ਮੈਚਾਂ ਦੀ ਲੜੀ ਨਾਲ ਹੋਵੇਗੀ। ਇਸ ਮਗਰੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਤਹਿਤ 14 ਨਵੰਬਰ ਤੋਂ ਦੋ ਟੈਸਟ ਮੈਚਾਂ ਦੀ ਲੜੀ ਖੇਡੀ ਜਾਵੇਗੀ। ਪਹਿਲਾ ਟੈਸਟ ਇੰਦੌਰ ਵਿੱਚ, ਜਦਕਿ ਦੂਜਾ ਟੈਸਟ 22 ਨਵੰਬਰ ਨੂੰ ਕੋਲਕਾਤਾ ਵਿੱਚ ਖੇਡਿਆ ਜਾਣਾ ਹੈ।
Sports ‘ਈਡਨ ਗਾਰਡਨ’ ਕਰੇਗਾ ਦਿਨ-ਰਾਤ ਦੇ ਟੈਸਟ ਦੀ ਮੇਜ਼ਬਾਨੀ