ਨਾਭਾ- ਇੱਥੇ ਰਿਪੁਦਮਨ ਕਾਲਜ ਦੇ ਸਟੇਡੀਅਮ ਵਿੱਚ ਖੇਡੇ ਜਾ ਰਹੇ 44ਵੇਂ ਜੀਐੱਸ ਬੈਂਸ ਲਿਬਰਲਜ਼ ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਖੇਡੇ ਚਾਰ ਮੁਕਾਬਲਿਆਂ ਵਿੱਚ ਈਐੱਮਈ ਜਲੰਧਰ ਅਤੇ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਨੇ ਆਪੋ-ਆਪਣੇ ਮੁਕਾਬਲੇ ਜਿੱਤੇ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਇਲੈਵਨ ਅਤੇ ਪੀਐੱਚਐੱਲ ਰੈੱਡ ਲੁਧਿਆਣਾ ਵੀ ਜਿੱਤਾਂ ਦਰਜ ਕਰਨ ’ਚ ਸਫਲ ਰਹੀਆਂ।
ਪਹਿਲਾ ਮੈਚ ਈਐੱਮਈ ਜਲੰਧਰ ਤੇ ਹਾਕਸ ਰੂਪਨਗਰ ਵਿਚਾਲੇ ਹੋਇਆ ਅਤੇ ਦੋਵੇਂ ਟੀਮਾਂ ਮੈਚ ਦੇ ਅੱਧ ਤਕ ਕੋਈ ਗੋਲ ਨਹੀਂ ਕਰ ਸਕੀਆਂ। ਬੀਜੂ ਸਿੰਘ ਨੇ 44ਵੇਂ ਮਿੰਟ ਵਿੱਚ ਗੋਲ ਕਰਕੇ ਈਐੱਮਈ ਦੀ ਟੀਮ ਨੂੰ 1-0 ਨਾਲ ਅੱਗੇ ਕੀਤਾ। ਗੁਰਮੀਤ ਸਿੰਘ ਨੇ 54ਵੇਂ ਮਿੰਟ ਵਿੱਚ ਇਹ ਲੀਡ ਦੁੱਗਣੀ ਕਰ ਦਿੱਤੀ। ਅਵਤਾਰ ਸਿੰਘ ਨੇ 59ਵੇਂ ਮਿੰਟ ਵਿੱਚ ਤੀਜਾ ਗੋਲ ਦਾਗ਼ ਕੇ ਟੀਮ ਨੂੰ 3-0 ਨਾਲ ਜਿੱਤ ਦਿਵਾਈ।
ਮੱਧ ਪ੍ਰੇਦਸ਼ ਇਲੈਵਨ ਭੁਪਾਲ ਅਤੇ ਐੱਸਏਆਈ ਕੁਰੂਕੁਸ਼ੇਤਰ ਵਿਚਾਲੇ ਦੂਜਾ ਮੈਚ ਫਸਵਾਂ ਰਿਹਾ। ਰਾਹੁਲ ਨੇ (ਪਹਿਲੇ ਅਤੇ ਛੇਵੇਂ ਮਿੰਟ) ਮੈਚ ਦੇ ਸ਼ੁਰੂ ਵਿੱਚ ਗੋਲ ਦਾਗ਼ ਕੇ ਐੱਸਏਆਈ ਦੀ ਲੀਡ ਦੁੱਗਣੀ ਕਰ ਦਿੱਤੀ। ਅਲੀ ਮੁਹੰਮਦ ਦੇ 12ਵੇਂ ਮਿੰਟ ਅਤੇ ਮੁਹੰਮਦ ਯੀਆਦ ਖਾਨ ਦੇ ਗੋਲਾਂ ਦੀ ਹੈਟ੍ਰਿਕ (40ਵੇਂ, 42ਵੇਂ ਅਤੇ 46ਵੇਂ ਮਿੰਟ) ਦੀ ਬਦੌਲਤ ਮੱਧ ਪ੍ਰਦੇਸ਼ ਦੇ ਇਲੈਵਨ ਨੇ 4-2 ਦੀ ਲੀਡ ਬਣਾਈ। ਐੱਸਏਆਈ ਨੇ 52ਵੇਂ ਮਿੰਟ ਵਿੱਚ ਜਵਾਬੀ ਗੋਲ ਕਰਕੇ ਲੀਡ 3-4 ਕਰ ਲਈ। ਤੈਸ਼ ਵਿੱਚ ਆਈ ਮੱਧ ਪ੍ਰਦੇਸ਼ ਇਲੈਵਨ ਨੇ 57ਵੇਂ ਮਿੰਟ ਵਿੱਚ ਲੁੰਬਾ ਰਾਹੀਂ ਗੋਲ ਦਾਗ਼ਿਆ, ਜਦਕਿ ਕੁਰੂਕੁਸ਼ੇਤਰ ਦੀ ਟੀਮ ਵੱਲੋਂ ਰਵੀ ਕੁਮਾਰ ਨੇ 58ਵੇਂ ਮਿੰਟ ਵਿੱਚ ਗੋਲ ਕੀਤਾ, ਪਰ ਉਦੋਂ ਤੱਕ ਮੱਧ ਪ੍ਰਦੇਸ਼ ਦੀ ਟੀਮ 5-4 ਦੇ ਫ਼ਰਕ ਨਾਲ ਮੈਚ ਆਪਣੇ ਪੱਖ ’ਚ ਕਰ ਚੁੱਕੀ ਸੀ।
ਤੀਜੇ ਮੈਚ ਵਿੱਚ ਪੀਐੱਚਐੱਲ ਰੈੱਡ ਲੁਧਿਆਣਾ ਨੇ ਸਿੱਖ ਰੈਜੀਮੈਂਟਲ ਸੈਂਟਰ ਰਾਮਗੜ੍ਹ ਨੂੰ 6-4 ਨਾਲ ਹਰਾਇਆ। ਟੂਰਨਾਮੈਂਟ ਦਾ ਚੌਥਾ ਮੈਚ ਮਾਤਾ ਸਾਹਿਬ ਕੌਰ ਅਕੈਡਮੀ ਜਾਖੜ ਅਤੇ ਐਸਜੀਪੀਸੀ ਦੇ ਵਿਚਕਾਰ ਖੇਡਿਆ ਗਿਆ, ਜੋ ਜਾਖੜ ਦੀ ਟੀਮ ਨੇ 3-1 ਨਾਲ ਜਿੱਤ ਲਿਆ। ਮੰਗਲਵਾਰ ਨੂੰ ਕਾਰਪਸ ਸਿਗਨਲਜ਼ ਜਲੰਧਰ ਅਤੇ ਐੱਸਏਆਈ ਕੁਰੂਕੁਸ਼ੇਤਰ, ਈਐੱਮਈ ਜਲੰਧਰ ਅਤੇ ਐੱਚਐੱਫਬੀ ਹਾਕੀ ਅਕੈਡਮੀ ਸੋਨੀਪਤ, ਏਐੱਸਸੀ ਬੰਗਲੌਰ ਅਤੇ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਾਖੜ, ਪੰਜਾਬ ਐਂਡ ਸਿੰਧ ਬੈਂਕ ਅਤੇ ਸਿੱਖ ਰੈਜੀਮੈਂਟ ਸੈਂਟਰ ਵਿਚਾਲੇ ਖੇਡੇ ਜਾਣਗੇ।
ਇਸ ਮੌਕੇ ਟੂਰਨਾਮੈਂਟ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਕਰਨ ਸਿੰਘ ਬੈਂਸ, ਆਈਆਰਐੱਸ, ਗੁਰਜੀਤ ਸਿੰਘ ਬੈਂਸ ਸੇਵਾ ਮੁਕਤ ਚੀਫ ਇੰਜੀਨੀਅਰ, ਭਗਵੰਤ ਸਿੰਘ ਸੇਵਾ-ਮੁਕਤ ਐੱਸਪੀ, ਰੁਪਿੰਦਰ ਸਿੰਘ ਗਰੇਵਾਲ, ਜਤਿੰਦਰ ਸਿੰਘ ਦਾਖੀ ਹਾਜ਼ਰ ਸਨ।
Sports ਈਐੱਮਈ ਜਲੰਧਰ ਤੇ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਦੀਆਂ ਜਿੱਤਾਂ