ਕਹਿੰਦੇ ਹਨ ਕਿ ਪੰਜਾਬ ਪਿੰਡਾਂ ਵਿੱਚ ਵੱਸਦਾ ਹੈ, ਜੇ ਕਿਸੇ ਨੇ ਪੰਜਾਬ ਦੇ ਅਮੀਰ ਸਭਿਆਚਾਰ ਅਤੇ ਵਿਰਾਸਤ ਨੂੰ ਜਾਣਨਾ ਹੋਵੇ ਤਾਂ ਉਹ ਪੰਜਾਬ ਦੇ ਪਿੰਡਾਂ ਦੇ ਜੀਵਨ ਨੂੰ ਨੇੜੇ ਹੋ ਕੇ ਦੇਖੇ। ਅੱਜ ਮੈਂ ਅਜਿਹੇ ਹੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਬਲਾਕ ਵਿੱਚ ਸਥਿਤ ਪਿੰਡ ਭਾਰਟਾ ਗਣੇਸ਼ਪੁਰ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਗਣੇਸ਼ਪੁਰ ਭਾਰਟਾ ਜਾਂ ਭਾਰਟਾ ਗਣੇਸ਼ਪੁਰ ਇਹ ਦੋ ਪਿੰਡਾਂ ਦਾ ਸਾਂਝਾ ਨਾਮ ਹੈ ਜੋ ਕਿ ਮਾਹਿਲਪੁਰ ਫਗਵਾੜਾ ਸੜਕ ਤੇ ਸਥਿਤ ਹੈ। ਇਸ ਪਿੰਡ ਦੀ ਮਾਹਿਲਪੁਰ ਤੋਂ ਦੂਰੀ ਚਾਰ ਕਿੱਲੋਮੀਟਰ ਹੈ।
ਇਹ ਪਿੰਡ ਮੁੱਖ ਤੌਰ ਤੇ ਬਾਬਾ ਲੱਖੋਂ ਜੀ ਕਰਕੇ ਬਹੁਤ ਪ੍ਰਸਿੱਧ ਹੈ। ਬਾਬਾ ਕਾਲੂ ਜੀ ਜੋ ਬਾਬਾ ਲੱਖੋ ਜੀ ਦੇ ਗੁਰ ਭਾਈ ਸਨ ਅਤੇ ਉਹ ਪਚਨੰਗਲਾ ਪਿੰਡ ਜੋ ਕਿ ਇਸ ਪਿੰਡ ਤੋਂ ਨੌਂ ਕਿੱਲੋਮੀਟਰ ਦੀ ਦੂਰੀ ਤੇ ਸਥਿਤ ਹੈ, ਵਿਖੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਪਵਿੱਤਰ ਸਰੋਵਰ ਦੀ ਨਕਲ ਵਿੱਚ ਉਸੇ ਸ਼ਕਲ ਦਾ ਤਲਾਬ ਬਣਾ ਕੇ ਆਮ ਲੋਕਾਂ ਨੂੰ ਗੁਮਰਾਹ ਕਰ ਰਿਹਾ ਸੀ ਜਿਸ ਕਾਰਨ ਇਲਾਕੇ ਦੀ ਸੰਗਤ ਵਿੱਚ ਉਸ ਦੇ ਖ਼ਿਲਾਫ਼ ਕਾਫ਼ੀ ਰੋਸ ਸੀ ਅਤੇ ਸਿੱਖਾਂ ਨੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ ਸ਼ਿਕਾਇਤ ਕੀਤੀ। ਗੁਰੂ ਜੀ ਕੀਰਤਪੁਰ ਸਾਹਿਬ ਨੂੰ ਜਾਂਦੇ ਹੋਏ, ਪੁਰਹੀਰਾਂ ਤੋਂ ਪਿੰਡ ਗੋਦਪੁਰ ਵਿਖੇ ਗੁਰਦੁਆਰਾ ਟਾਹਲੀ ਸਾਹਿਬ ਦੇ ਅਸਥਾਨ ਤੇ ਆਏ। ਗੁਰੂ ਜੀ ਦੇ ਆਦੇਸ਼ ਮੁਤਾਬਿਕ ਸਿੱਖ ਨੇ ਬਾਬਾ ਕਾਲੂ ਨੂੰ ਫੜ੍ਹ ਕੇ ਗੁਰੂ ਸਾਹਿਬ ਕੋਲ ਲਿਆਂਦਾ। ਬਾਬਾ ਲੱਖੋ ਜੀ ਗੁਰੂ ਸਾਹਿਬਾਨ ਜੀ ਦੇ ਸ਼ਰਧਾਵਾਨ ਸੇਵਕ ਸਨ ਅਤੇ ਉਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਘੋੜਿਆਂ ਵਾਸਤੇ ਟਾਹਲੀ ਦੇ ਖੁੰਡ ਗੱਡੇ ਜੋ ਹਰੇ ਹੋ ਕੇ ਦਰੱਖਤ ਬਣ ਗਏ ਜੋ ਅੱਜ ਵੀ ਮੌਜੂਦ ਹਨ। ਉਸ ਸਮੇਂ ਬਾਬਾ ਲੱਖੋ ਜੀ ਨੇ ਬਾਬਾ ਕਾਲੂ ਨੂੰ ਗੁਰੂ ਸਾਹਿਬ ਪਾਸ ਬੇਨਤੀ ਕਰਕੇ ਛੁਡਵਾਇਆ ਅਤੇ ਅੱਗੇ ਤੋਂ ਗ਼ਲਤ ਪ੍ਰਚਾਰ ਕਰਨ ਤੋਂ ਵਰਜਿਆ। ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਲੱਖੋ ਜੀ ਨੂੰ ਵਰ ਦਿੱਤਾ ਕਿ ਜੋ ਵੀ ਪ੍ਰਾਣੀ ਸ਼ਰਧਾ ਨਾਲ ਇਸ ਅਸਥਾਨ ਤੇ ਆਵੇਗਾ ਉਸ ਦੇ ਸਾਰੇ ਕਾਰਜ ਰਾਸ ਹੋਣਗੇ।ਇਸ ਸਥਾਨ ਤੇ ਹਰ ਸੋਮਵਾਰ ਮੇਲਾ ਭਰਦਾ ਹੈ। ਇੱਕ ਬਹੁਤ ਹੀ ਸੁੰਦਰ ਗੇਟ ਬਾਬਾ ਜੀ ਦੀ ਯਾਦ ਵਿੱਚ ਬਣਵਾਇਆ ਗਿਆ ਹੈ।
ਬਾਬਾ ਲੱਖੋ ਜੀ ਦੇ ਸਥਾਨ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਥੜ੍ਹਾ ਸਾਹਿਬ ਹੈ, ਜੋ ਕਿ ਛੇਵੇ ਪਾਤਸ਼ਾਹ ਜੀ ਦੇ ਇਸ ਇਲਾਕੇ ਵਿੱਚ ਆਉਣ ਦੀ ਯਾਦ ਵਜੋਂ ਉਸਾਰਿਆ ਗਿਆ ਹੈ ਜਿੱਥੇ ਕਿ ਹਰ ਸਾਲ ਫਰਵਰੀ ਮਹੀਨੇ ਨਗਰ ਕੀਰਤਨ ਸਜਾਇਆ ਜਾਂਦਾ ਹੈ। ਹਰ ਸਾਲ ਵਿਸਾਖੀ ਦਾ ਮੇਲਾ ਵੀ ਬੜੀ ਸ਼ਰਧਾ ਭਾਵਨਾ ਨਾਲ ਦੋਨਾਂ ਹੀ ਸਥਾਨਾਂ ਤੇ ਮਨਾਇਆ ਜਾਂਦਾ ਹੈ। ਇਸ ਹੀ ਪਿੰਡ ਵਿੱਚ ਡੇਰਾ ਸੰਤ ਬਾਬਾ ਮਾਹਨ ਦਾਸ ਜੀ ਵੀ ਸਥਿਤ ਹੈ, ਜਿੱਥੇ ਹਰੇਕ ਸਾਲ ਸੰਤਾਂ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਇਆ ਜਾਂਦਾ ਹੈ ਅਤੇ ਧਾਰਮਿਕ ਦੀਵਾਨਾ ਵਿੱਚ ਸੰਗਤਾਂ ਦੂਰ-ਦੁਰਾਡੇ ਤੋਂ ਆ ਕੇ ਆਪਣੀ ਹਾਜ਼ਰੀ ਭਰਦੀਆਂ ਹਨ।
ਇਸ ਪਿੰਡ ਨੂੰ ਮਾਣ ਹੈ ਕਿ ਇਸ ਪਿੰਡ ਦੇ ਦੋ ਅਜ਼ਾਦੀ ਘੁਲਵਾਈਏ ਵੀ ਹੋਏ ਜੋ ਕਿ ਬੱਬਰ ਅਕਾਲੀ ਲਹਿਰ ਨਾਲ ਜੁੜੇ ਰਹੇ। ਭਾਈ ਵਤਨ ਸਿੰਘ ਜੀ ਵਲਦ ਦੇਵਾ ਸਿੰਘ ਜੀ ਵਾਸੀ ਗਣੇਸ਼ਪੁਰ ਅਤੇ ਭਾਈ ਠਾਕਰ ਸਿੰਘ ਜੀ ਵਲਦ ਮਯਾ ਸਿੰਘ ਜੀ ਵਾਸੀ ਭਾਰਟਾ ਦੋਵੇਂ ਸੱਜਣ ਬੱਬਰ ਅਕਾਲੀਆਂ ਦੀ ਦਿਲੋਂ ਸੇਵਾ ਕਰਦੇ ਰਹੇ ਤੇ ਇਨ੍ਹਾਂ ਨੇ ਅਸਲੇ ਬੰਬ ਆਦਿ ਚੀਜ਼ਾਂ ਦੀ ਸੇਵਾ ਕਾਫ਼ੀ ਕੀਤੀ । ਇਸ ਜੁਰਮ ਵਿੱਚ ਦੋਵੇਂ ਫੜੇ ਗਏ। ਇਨ੍ਹਾਂ ਦੋਵਾਂ ਅਜ਼ਾਦੀ ਘੁਲਾਟੀਆਂ ਦਾ ਜ਼ਿਕਰ ਸ਼ਰੋਮਣੀ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਕ ਕਿਤਾਬ ‘ਬੱਬਰ ਅਕਾਲੀ ਲਹਿਰ ਅਤੇ ਇਸ ਦੇ ਆਗੂ’ ਕਿਤਾਬ ਵਿੱਚ ਵੀ ਪੜ੍ਹਨ ਨੂੰ ਮਿਲਦਾ ਹੈ ।
ਪਿੰਡ ਦੇ ਪ੍ਰਵਾਸੀ ਵੀਰਾਂ ਨੇ ਪਿੰਡ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਹੈ ।ਇਹ ਪ੍ਰਵਾਸੀ ਦੇਸ਼ ਦੀ ਅਜ਼ਾਦੀ ਦੇ ਸਮੇਂ ਤੋਂ ਪਹਿਲਾ ਹੀ ਕੀਨੀਆ, ਫਿਜ਼ੀ, ਅਰਜਨਟੀਨਾ, ਪਨਾਮਾ, ਕੈਨੇਡਾ, ਯੂ.ਐੱਸ.ਏ , ਇੰਗਲੈਂਡ ਅਤੇ ਸਿੰਘਾਪੁਰ ਆਦਿ ਦੇਸ਼ਾਂ ਵਿੱਚ ਆਪਣੇ ਸੁਨਹਿਰੀ ਭਵਿੱਖ ਲਈ ਜਾ ਵਸੇ, ਇਨ੍ਹਾਂ ਪ੍ਰਵਾਸੀ ਪੰਜਾਬੀਆ ਦੀ ਯਾਦ ਵਿੱਚ ਇੱਕ ਯਾਦਗਾਰ ਪਿੰਡ ਦੇ ਬੱਸ ਅੱਡੇ ਤੇ ਉਸਾਰੀ ਗਈ ਹੈ ਇਨ੍ਹਾਂ ਵੀਰਾਂ ਦੇ ਯੋਗਦਾਨ ਨਾਲ ਹੀ ਪਿੰਡ ਵਿੱਚ ਕਈ ਸਮਾਜਿਕ, ਧਾਰਮਿਕ ਅਤੇ ਖੇਡ ਸਮਾਗਮ ਕਰਵਾਏ ਜਾਂਦੇ ਹਨ ਜਿਵੇਂ ਕਿ ਸੰਤ ਬਾਬਾ ਮਾਹਨ ਦਾਸ ਜੀ ਦੇ ਨਾਮ ਤੇ ਸਾਲਾਨਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਜਿਸ ਵਿੱਚ ਇਲਾਕੇ ਦੀਆਂ ਮਸ਼ਹੂਰ ਫੁੱਟਬਾਲ ਟੀਮਾਂ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੀਆਂ ਹਨ । ਮਾਹਿਲਪੁਰ, ਜੋ ਕਿ ਪੰਜਾਬ ਵਿੱਚ ਫੁੱਟਬਾਲ ਦੀ ਨਰਸਰੀ ਕਰਕੇ ਪ੍ਰਸਿੱਧ ਹੈ ਦੇ ਨੇੜੇ ਸਥਿਤ ਹੋਣ ਦਾ ਫ਼ਾਇਦਾ ਵੀ ਇਸ ਪਿੰਡ ਦੇ ਖਿਡਾਰੀਆ ਨੂੰ ਹੋਇਆ ਹੈ , ਪਿੰਡ ਦੇ ਕਈ ਖਿਡਾਰੀ ਨਾਮਵਰ ਫੁੱਟਬਾਲ ਕਲੱਬਾਂ ਵਿੱਚ ਖੇਡ ਚੁੱਕੇ ਹਨ ਅਤੇ ਖੇਡ ਰਹੇ ਹਨ ਜਿਵੇਂ: ਜੇ.ਸੀ.ਟੀ ਫੁੱਟਬਾਲ ਕਲੱਬ ਫਗਵਾੜਾ, ਬਿਜਲੀ ਬੋਰਡ, ਪੰਜਾਬ ਪੁਲੀਸ , ਬੀ.ਐੱਸ.ਐਫ, ਆਰ.ਸੀ.ਐਫ ।
ਇਸ ਪਿੰਡ ਦੇ ਪ੍ਰਵਾਸੀ ਵੀਰ ਮਨਜੀਤ ਸਿੰਘ ਨੇ ਆਪਣੇ ਦੰਦਾ ਨਾਲ ਦੋਹਰੀ ਮੰਜ਼ਿਲ ਵਾਲੀ ਬੱਸ ਨੂੰ 55 ਫੁੱਟ ਦੀ ਦੂਰੀ ਤੱਕ ਖਿੱਚ ਕੇ ਆਪਣਾ ਨਾਮ ਗਿਨਿੰਜ਼ ਬੁੱਕ ਰਿਕਾਰਡ ਵਿੱਚ ਦਰਜ ਕਰਵਾਇਆ ਹੈ ।ਉਹ ਆਪਣੀ ਇਸ ਕਲਾਂ ਨੂੰ ਬ੍ਰਿਟੇਨ ਟੇਲੈਂਟ ਸ਼ੋਅ-3 ਵਿੱਚ ਵੀ ਦਰਸ਼ਕਾਂ ਅੱਗੇ ਪੇਸ਼ ਕਰ ਚੁੱਕੇ ਹਨ। ਪੰਜਾਬ ਦੇ ਪੇਂਡੂ ਖੇਡਾਂ ਦਾ ਅਟੁੱਟ ਹਿੱਸਾ ਹਲਟੀਆਂ ਦੀਆਂ ਦੋੜਾਂ ਵੀ ਹਰੇਕ ਸਾਲ ਕਰਵਾਈਆਂ ਜਾਂਦੀਆਂ ਹਨ ਅਤੇ ਜੇਤੂ ਬਲਦ ਜੋੜੀਆਂ ਦੇ ਮਾਲਕਾਂ ਨੂੰ ਇਨਾਮ ਦਿੱਤੇ ਜਾਂਦੇ ਹਨ।
ਇਨ੍ਹਾਂ ਦੋਵਾਂ ਪਿੰਡਾਂ ਦੇ ਸਮੁੱਚੇ ਪੰਚਾਇਤ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਸਮਾਜਿਕ ਭਲਾਈ ਕੰਮਾਂ ਵਿੱਚ ਆਪਣਾ ਪੂਰਨ ਸਹਿਯੋਗ ਦਿੰਦੇ ਹਨ। ਭਲਾਈ ਕੰਮਾਂ ਦੀ ਜੇ ਗੱਲ ਕਰੀਏ ਤਾਂ ਇਸ ਪਿੰਡ ਵਿੱਚ ‘ਸੁਖਮਣੀ ਸੁਸਾਇਟੀ’ ਇਲਾਕਾ ਮਾਹਿਲਪੁਰ ਦੁਆਰਾ ਬਾਬਾ ਲੱਖੋ ਜੀ ਦੇ ਸਥਾਨ ਤੇ ਗ਼ਰੀਬ ਲੜਕੀਆਂ ਦੇ ਵਿਆਹ ਹਰੇਕ ਸਾਲ ਅਕਤੂਬਰ ਦੇ ਮਹੀਨੇ ਕਰਵਾਏ ਜਾਂਦੇ ਹਨ। ਸੁਸਾਇਟੀ ਦੁਆਰਾ ਨਵੇਂ ਵਿਆਹੇ ਜੋੜਿਆ ਨੂੰ ਜ਼ਰੂਰੀ ਵਰਤੋਂ ਦਾ ਸਮਾਨ ਵੀ ਦਿੱਤਾ ਜਾਂਦਾ ਹੈ। ਪਿੰਡ ਦੇ ਪ੍ਰਵਾਸੀ ਵੀਰਾਂ ਦੀ ਸਹਾਇਤਾ ਨਾਲ ਪਿੰਡ ਦੀ ਗਲੀਆਂ ਵਿੱਚ ਬਿਜਲਈ ਲਾਈਟਾਂ ਵੀ ਲਗਾਈਆਂ ਗਈਆਂ ਹਨ ਜੋ ਕੀ ਰੌਸ਼ਨੀ ਦੇਣ ਦੇ ਨਾਲ ਨਾਲ ਪਿੰਡ ਦੀ ਸੁੰਦਰਤਾ ਵਿੱਚ ਵਾਧਾ ਕਰਦੀਆਂ ਹਨ। ਬੀਬੀ ਗੁਰਮੇਜ਼ ਕੋਰ ਮੌਰਚਰੀ ਵੀ ਇਸ ਪਿੰਡ ਵਿੱਚ ਸਥਿਤ ਹੈ। ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਜਦੋ ਕੋਈ ਪ੍ਰਾਣੀ ਆਪਣੀ ਜੀਵਨ ਯਾਤਰਾ ਸਮਾਪਤ ਕਰਕੇ ਉਸ ਪ੍ਰਮਾਤਮਾ ਦੀ ਸ਼ਰਨ ਵਿੱਚ ਜਾ ਪਹੁੰਚਦਾ ਹੈ ਤਾਂ ਉਸ ਦੇ ਸਕੇ ਸਬੰਧੀ ਵਿਦੇਸ਼ਾਂ ਵਿੱਚ ਹੋਣ ਕਰਕੇ ਉਸ ਦੀ ਮ੍ਰਿਤਕ ਦੇਹ ਨੂੰ ਮੌਰਚਰੀ ਵਿੱਚ ਸੰਭਾਲ ਕੇ ਰੱਖਿਆ ਜਾ ਸਕਦਾ ਹੈ ਤਾਂ ਜੋ ਪਰਿਵਾਰ ਮੈਂਬਰਾਂ ਦੇ ਆਉਣ ਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।
ਪਿੰਡ ਵਿੱਚ ਦੋਂ ਸਰਕਾਰੀ ਸਕੂਲ ਅਤੇ ਇੱਕ ਗੁੱਡ ਸ਼ੈਪਰਡ ਪ੍ਰਾਈਵੇਟ ਸਕੂਲ ਵੀ ਹੈ। ਪਿੰਡ ਦੇ ਮਿਡਲ ਸਕੂਲ ਵਿੱਚ ਬੱਚਿਆਂ ਦੀ ਹਰਮਨ ਪਿਆਰੇ ਰਸਾਲੇ ‘ਨਿੱਕੀਆਂ ਕਰੂੰਬਲਾਂ’ ਦੇ ਸੰਪਾਦਕ ਸ੍ਰੀ ਬਲਜਿੰਦਰ ਮਾਨ ਜੀ ਸੇਵਾ ਨਿਭਾ ਰਹੇ ਹਨ ਅਤੇ ਉਹ ਆਪਣੀ ਯੋਗ ਅਗਵਾਈ ਹੇਠ ਇਸ ਪਿੰਡ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਆਪਣਾ ਯੋਗਦਾਨ ਪਾ ਰਹੇ ਹਨ।ਇਸ ਪਿੰਡ ਵਿੱਚ ਬਾਲੀ ਮੈਰਿਜ਼ ਪੈਲੇਸ ਵੀ ਹੈ ਜੋ ਕਿ ਮਾਹਿਲਪੁਰ ਫਗਵਾੜਾ ਸੜਕ ਤੇ ਸਥਿਤ ਹੈ , ਜਿਸ ਦੀ ਪਿੰਡ ਅਤੇ ਇਲਾਕਾ ਨਿਵਾਸੀਆਂ ਨੂੰ ਬਹੁਤ ਸਹੂਲਤ ਹੋਈ ਹੈ ਕਿਉਂਕਿ ਬਾਲੀ ਪੈਲੇਸ ਨਾਲ ਇਲਾਕੇ ਨੂੰ ਆਪਣੇ ਛੋਟੇ ਵੱਡੇ ਸਮਾਗਮ ਅਤੇ ਖ਼ਾਸ ਕਰਕੇ ਵਿਆਹ ਸਮਾਗਮਾਂ ਲਈ ਦੂਰ ਜਾਣ ਦੀ ਲੋੜ ਨਹੀਂ ਪੈਂਦੀ।
ਇਸ ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਪਰ ਹੁਣ ਬਹੁਤ ਸਾਰੇ ਨੌਜਵਾਨ ਵਿਦੇਸ਼ ਜਾਣ ਨੂੰ ਤਰਜੀਹ ਦੇ ਰਹੇ ਹਨ, ਇਸ ਦਾ ਕਾਰਨ ਖੇਤੀਬਾੜੀ ਵਿੱਚ ਮੁਨਾਫ਼ਾ ਨਾ ਹੋਣਾ ਅਤੇ ਵਧ ਰਹੀ ਬੇਰੁਜ਼ਗਾਰੀ ਵੀ ਹੈ। ਇਹ ਪਿੰਡ ਆਪਣੇ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰਾਂ ਕਰਕੇ ਵੀ ਇਲਾਕੇ ਵਿੱਚ ਆਪਣਾ ਵਿਸ਼ੇਸ਼ ਨਾਮ ਰੱਖਦਾ ਹੈ, ਲੋਕ ਵਿਸ਼ੇਸ਼ ਕਰਕੇ ਦੀਵਾਲੀ ਦੇ ਤਿਉਹਾਰ ਤੇ ਦੂਰ ਦੁਰਾਡੇ ਤੋਂ ਮਿੱਟੀ ਦੇ ਬਣੇ ਭਾਂਡੇ ਖ਼ਰੀਦਣ ਲਈ ਇੱਥੇ ਪਹੁੰਚਦੇ ਹਨ।ਇਨ੍ਹਾਂ ਦੋਹਾਂ ਪਿੰਡ ਦੇ ਰਕਬੇ ਦੀ ਗੱਲ ਕਰੀਏ ਤਾਂ ਭਾਰਟਾ ਪਿੰਡ ਦਾ ਕੁੱਲ ਰਕਬਾ 153 ਅਤੇ ਗਣੇਸ਼ ਪੁਰ ਦਾ 114 ਹੈਕਟੇਅਰ ਹੈ ਅਤੇ ਭਾਰਟਾ ਪਿੰਡ ਦੇ ਵਸਨੀਕਾਂ ਦੀ ਅਬਾਦੀ 2011 ਜਨਗਣਨਾ ਅਨੁਸਾਰ 1080 ਅਤੇ ਗਣੇਸ਼ ਪੁਰ ਪਿੰਡ ਦੀ ਅਬਾਦੀ 748 ਹੈ , ਭਾਰਟੇ ਵਿੱਚ 226 ਅਤੇ ਗਣੇਸ਼ਪੁਰ ਵਿੱਚ 156 ਪਰਿਵਾਰ ਹਨ। ਇਹ ਦੋਵਾਂ ਪਿੰਡਾ ਦੇ ਲਈ ਮਾਣ ਵਾਲੀ ਗੱਲ ਹੈ ਕਿ ਭਾਰਟਾ ਪਿੰਡ ਦੀ ਸਾਖਰਤਾ ਦਰ 84.37 ਅਤੇ ਗਣੇਸ਼ਪੁਰ ਪਿੰਡ ਦੀ 80.68 ਹੈ ਜੋ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੀ ਔਸਤਨ ਸਾਖਰਤਾ ਦਰ 75.6 ਤੋਂ ਵੱਧ ਹੈ।
ਅਖੀਰ ਵਿੱਚ ਅਸੀਂ ਇਹੀ ਆਸ ਕਰ ਸਕਦੇ ਹਾਂ ਕਿ ਇਹ ਪਿੰਡ ਆਪਣੀਆਂ ਵਿਸ਼ੇਸ਼ਤਾਵਾਂ ਵਿੱਚ ਸਮੇਂ ਅਨੁਸਾਰ ਵਾਧਾ ਕਰੇ ਤਾਂ ਜੋ ਇਸ ਦੀ ਗਿਣਤੀ ਪੰਜਾਬ ਦੇ ਸਿਰਮੌਰ ਪਿੰਡਾਂ ਵਿੱਚ ਕੀਤੀ ਜਾ ਸਕੇ। ਇਸ ਪਿੰਡ ਦੀ ਹੋਰ ਜਾਣਕਾਰੀ ਲਈ ਇਸ ਪਿੰਡ ਦੇ ਬਲਾਗ www.ganeshpurbharta.wordpress.com ਤੇ ਅਤੇ ਇਸ ਦੇ ਫੇਸ ਬੁੱਕ ਪੇਜ਼ ganeshpurbharta ਤੋਂ ਵੀ ਲਈ ਜਾ ਸਕਦੀ ਹੈ।
ਜਗਜੀਤ ਸਿੰਘ ਗਣੇਸ਼ਪੁਰ,
ਪਿੰਡ ਤੇ ਡਾਕ: ਗਣੇਸ਼ਪੁਰ ਭਾਰਟਾ,
ਤਹਿ: ਗੜ੍ਹਸ਼ੰਕਰ, ਜ਼ਿਲ੍ਹਾ : ਹੁਸ਼ਿਆਰਪੁਰ, ਪਿੰਨ ਕੋਡ-146106
ਮੋ: -94655-76022