ਬੰਬੀ ਨੂੰ ਹੀ ਬਣਾਇਆ ਹੈ ਲੈਬ- ਜੀਵ ਅੰਮ੍ਰਿਤ ਨਿੰਮ ਅਤੇ ਅੱਕ ਤੋਂ ਤਿਆਰ ਕਰਦੇ ਨੇ ਕੀਟਨਾਸ਼ਕ
ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-ਝੋਨੇ ਦੀ ਕਟਾਈ ਦੇ ਨਾਲ ਹੀ ਪਰਾਲੀ ਨੂੰ ਅੱਗ ਲਾਉਣ ਦੇ ਸਿਲਸਿਲੇ ਦੇ ਉਲਟ ਵਿਲੱਖਣ ਮਿਸਾਲ ਪੇਸ਼ ਕਰਦਿਆਂ ਪਿੰਡ ਨੂਰੋਵਾਲ ਦੇ ਕਿਸਾਨ ਹੁਕਮ ਸਿੰਘ ਵਲੋਂ ਝੁੱਲਦੀ ਹਨੇਰੀ ਵਿੱਚ ਦੀਵਾ ਬਾਲਣ ਦੀ ਕੋਸ਼ਿਸ਼ ਰੰਗ ਲਿਆਈ ਹੈ।
ਤਕਰੀਬਨ 35 ਏਕੜ ਵਿੱਚ ਝੋਨਾ , ਕਣਕ , ਆਲੂ ਦੀ ਖੇਤੀ ਕਰਨ ਵਾਲੇ ਇਸ ਕਿਸਾਨ ਨੇ ਪਿਛਲੇ ਇੱਕ ਦਹਾਕੇ ਤੋਂ ਪਰਾਲੀ ਨਾੜ ਜਾਂ ਮੱਕੀ ਦੇ ਟਾਂਡਿਆਂ ਨੂੰ ਸਾੜਨ ਦੀ ਬਜਾਏ ਖੇਤਾਂ ਵਿੱਚ ਹੀ ਵਾਹਿਆ ਹੈ, ਜਿਸ ਨਾਲ ਨਾ ਸਿਰਫ ਜਮੀਨ ਦੀ ਸਿਹਤ ਵਿਚ ਸੁਧਾਰ ਹੋਇਆ ਹੈ ਉੱਥੇ ਹੀ ਝਾੜ ਵਿਚ ਵੀ ਵਾਧਾ ਹੋਇਆ ਹੈ
ਹੁਕਮ ਸਿੰਘ ਜੋ ਕਿ ਲਗਾਤਾਰ ਖੇਤੀ ਵਿਭਾਗ ਦੇ ਮਾਹਿਰਾਂ ਨਾਲ ਰਾਬਤਾ ਰੱਖਦੇ ਹਨ, ਨੇ ਕਿਹਾ ਕਿ
ਕੁਦਰਤ ਨਾਲ ਨੇੜਤਾ ਅਤੇ ਕੁਝ ਨਾ ਕੁਝ ਨਵਾਂ ਸਿਰਜਣ ਦੇ ਸੁਭਾਅ ਨੇ 10 ਸਾਲ ਪਹਿਲਾਂ ਮੱਕੀ ਦੇ ਟਾਂਡਿਅਾ ਨੂੰ ਰੋਟਾਵੇਟਰ ਦੀ ਮਦਦ ਦੇ ਨਾਲ ਜਮੀਨ ਵਿੱਚ ਰਲਾਉਣ ਲਈ ਪ੍ਰੇਰਿਤ ਕੀਤਾ । ਪਹਿਲੇ ਹੀ ਸਾਲ ਝੋਨੇ ਦਾ 4 ਕਵਿੰਟਲ ਝਾੜ ਵੱਧ ਨਿਕਲਣ ਕਾਰਨ ਝੋਨੇ ਦੀ ਪਰਾਲੀ ਨੂੰ ਵੀ ਖੇਤਾਂ ਵਿੱਚ ਰਲਾਉਣ ਦਾ ਫੈਸਲਾ ਲਿਆ।
ਉਨ੍ਹਾਂ ਕਿਹਾ ਕਿ ਘਰ ਦੇ ਬਾਕੀ ਮੈਂਬਰਾਂ ਦੇ ਉਲਟ ਜਾਕੇ ਰਵਾਇਤੀ ਸੰਦ ਜਿਵੇੰ ਤਵੀਆਂ, ਰੋਟਾਵੇਟਰ ਆਦਿ ਨਾਲ ਹੀ ਪਰਾਲੀ ਦਾ ਨਿਪਟਾਰਾ ਕੀਤਾ ਪਰ ਹੁਣ ਮਲਚਰ ਅਤੇ ਓੁਲਟਾਵੇ ਹਲਾਂ ਨਾਲ ਕੰਮ ਪਹਿਲਾਂ ਦੇ ਮੁਕਾਬਲੇ ਸੌਖਾ ਹੋ ਗਿਆ ਹੈ।
ਖੇਤੀ ਵਿੱਚ ਤਜੁਰਬੇ ਕਰਨ ਦੇ ਸ਼ੌਂਕੀ ਇਸ ਕਿਸਾਨ ਨੇ ਆਪਣੀ ਮੋਟਰ ਨੂੰ ਹੀ ਲੈਬ ਬਣਾਇਆ ਹੋਇਆ ਹੈ।ਜਿੱਥੇ ਉਹ ਤਿੰਨ ਕਨਾਲਾਂ ਵਿੱਚ ਕੁਦਰਤੀ ਖੇਤੀ ਕਰਨ ਦੇ ਨਾਲ ਨਾਲ ਜੀਵ ਅੰਮ੍ਰਿਤ ਨਿੰਮ ਅਤੇ ਅੱਕ ਤੋਂ ਤਿਆਰ ਕੀਟਨਾਸ਼ਕ, ਖੱਟੀ ਲੱਸੀ ਤੋਂ ਤਿਆਰ ਉਲੀ ਨਾਸ਼ਕ ਵੀ ਬਣਾਉਂਦੇ ਹਨ । ਇਸ ਵਾਰ ਉਨ੍ਹਾਂ ਸੋਲਾਂ ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਵੀ ਕੀਤੀ ਸੀ।
ਫਸਲਾਂ ਦੀ ਰਹਿੰਦ ਖੂੰਦ ਨੂੰ ਖੇਤਾਂ ਵਿੱਚ ਮਿਲਾਉਣ ਨਾਲ ਮਿੱਟੀ ਦੀ ਸਿਹਤ ਦਾ ਸੁਧਾਰ ਹੋਇਆ ਜਿਹਦੀ ਵਜ੍ਹਾ ਨਾਲ ਗੰਡੋਇਆਂ ਦੀ ਗਿਣਤੀ ਵਿੱਚ ਵਾਧਾ,ਅਤੇ ਖਾਦ ਦੀ ਖ਼ਪਤ ਘਟੀ ਹੈ ।ਇਸ ਸਾਲ ਉਨ੍ਹਾਂ ਨੇ ਪ੍ਰਤੀ ਏਕੜ 70 ਕੁਇੰਟਲ ਮੱਕੀ ਸਿਰਫ਼ ਢਾਈ ਬੋਰੇ ਯੂਰੀਆ ਨਾਲ ਪ੍ਰਾਪਤ ਕੀਤੀ ਹੈ ।
ਹੁਕਮ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਖੇਤਾਂ ਵਿੱਚ ਰਲਾਉਣ ਦਾ ਕੰਮ ਕਾਨੂੰਨੀ ਦਬਕੇ ਨਾਲ ਨਹੀਂ ਸਗੋਂ ਆਪਣੀ ਮਰਜ਼ੀ ਨਾਲ ਕਰਦਾ ਹਾਂ। ਉਨ੍ਹਾਂ ਕਿਹਾ ਕਿ ਕਿਸਾਨ ਪਰਾਲੀ ਨੂੰ ਅੱਗ ਲਾਉਣ ਦੇ ਨੁਕਸਾਨਾਂ ਬਾਰੇ ਚੰਗੀ ਤਰ੍ਹਾਂ ਜਾਣੂੰ ਹਨ ਪਰ ਕਈ ਵਾਰੀ ਖੇਤੀ ਖਰਚੇ ਘਟਾਉਣ ਦੇ ਚੱਕਰ ਵਿੱਚ ਉਹ ਅੱਗ ਲਾਉਣ ਨੂੰ ਤਰਜੀਹ ਦਿੰਦੇ ਹਨ ।