ਪੰਜਾਬ ਭਰ ਵਿਚ ਸਿਆਲ ਰੁੱਤ ਦੇ ਪਹਿਲੇ ਮੀਂਹ ਨੇ ਹਾੜ੍ਹੀ ਦੀਆਂ ਫ਼ਸਲਾਂ ਦੀ ਖੁਸ਼ਕੀ ਦੂਰ ਕਰ ਦਿੱਤੀ ਹੈ ਤੇ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਹਲਕੀ ਬੂੰਦਾਬਾਂਦੀ ਕਾਰਨ ਤਾਪਮਾਨ ਹੇਠਾਂ ਡਿੱਗ ਗਿਆ ਹੈ ਅਤੇ ਠੰਢ ਵਧਣ ਲੱਗੀ ਹੈ। ਇਹ ਮੀਂਹ ਕਣਕ ਦੀ ਫ਼ਸਲ ਲਈ ਬਹੁਤ ਲਾਹੇਵੰਦ ਦੱਸਿਆ ਜਾ ਰਿਹਾ ਹੈ। ਇਸ ਮੀਂਹ ਨਾਲ ਅਸਮਾਨ ਵਿੱਚ ਚੜ੍ਹੀ ਧੂੜ ਵੀ ਉੱਤਰ ਗਈ, ਜਿਸ ਕਾਰਨ ਆਮ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲੀ ਹੈ। ਜਾਣਕਾਰੀ ਅਨੁਸਾਰ ਖੇਤਾਂ ਵਿੱਚ ਕਣਕ ਦੀ ਫ਼ਸਲ ਨੂੰ ਪਈ ਸੁੰਡੀ ਨੇ ਕਿਸਾਨਾਂ ਤੇ ਖੇਤੀ ਮਾਹਿਰਾਂ ਨੂੰ ਫਿਕਰਾਂ ਵਿਚ ਪਾ ਰੱਖਿਆ ਸੀ। ਖੇਤੀ ਮਾਹਰਾਂ ਨੇ ਇਸ ਮੀਂਹ ਅਤੇ ਠੰਢ ਨਾਲ ਸੁੰਡੀ ਦੀ ਰੋਕਥਾਮ ਹੋਣ ਦੀ ਗੱਲ ਆਖੀ ਹੈ। ਇਹ ਮੀਂਹ ਕਣਕ, ਸਬਜ਼ੀਆਂ ਅਤੇ ਹਰੇ-ਚਾਰੇ ਲਈ ਲਾਹੇਵੰਦ ਸਾਬਤ ਹੋਵੇਗਾ। ਸੁੱਕੀ ਠੰਢ ਕਾਰਨ ਕਣਕ ਦੀ ਫ਼ਸਲ ’ਤੇ ਮਾੜਾ ਅਸਰ ਪੈ ਰਿਹਾ ਸੀ, ਪ੍ਰੰਤੂ ਇਸ ਹਲਕੇ ਮੀਂਹ ਨਾਲ ਖ਼ੁਸ਼ਕੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਗਿਆ ਹੈ।ਕਿਸਾਨਾਂ ਨੇ ਮੀਂਹ ਦਾ ਫ਼ਾਇਦਾ ਚੁੱਕਦਿਆਂ ਕਣਕਾਂ ਵਿੱਚ ਯੂਰੀਆ ਖਾਦ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਹਲਕੇ ਤੋਂ ਦਰਮਿਆਨੇ ਮੀਂਹ ਨਾਲ ਕਣਕ ਦੀਆਂ ਫ਼ਸਲਾਂ ਵਿਚ ਜਾਨ ਪੈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮੀਂਹ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਵੇਗਾ ਕਿਉਂਕਿ ਕਣਕ ਦੀ ਫਸਲ ਨੂੰ ਫਿਲਹਾਲ ਪਾਣੀ ਦੀ ਲੋੜ ਸੀ। ਇਸ ਹਲਕੇ ਮੀਂਹ ਨੇ ਕਣਕ ਦੀ ਫਸਲ ਲਈ ਘਿਓ ਦਾ ਕੰਮ ਕੀਤਾ ਹੈ ਅਤੇ ਇਹ ਫਸਲ ਲਈ ਕੁਦਰਤੀ ਟੌਨਿਕ ਸਾਬਤ ਹੋਵੇਗਾ। ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਮੁਤਾਬਕ ਕਣਕ ਦੀ ਫ਼ਸਲ ਨੂੰ ਯੂਰੀਆ ਖਾਦ ਪਾਉਣ ਦੀ ਸਲਾਹ ਦਿੰਦਿਆਂ ਕਿਹਾ ਕਿ ਫ਼ਸਲ ਨੂੰ ਯੂਰੀਆ ਖਾਦ ਦੇਣ ਦਾ ਇਹ ਢੁਕਵਾਂ ਸਮਾਂ ਹੈ। ਮੌਸਮ ਵਿਭਾਗ ਨੇ ਕੱਲ੍ਹ ਨੂੰ ਵੀ ਇਹੀ ਹਾਲਾਤ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।