ਭਾਰਤੀ ਬੈਡਮਿੰਟਨ ਖਿਡਾਰੀਆਂ ਨੇ ਅੱਜ ਇੱੱਥੇ ਇੰਦਰਾ ਗਾਂਧੀ ਸਟੇਡੀਅਮ ਦੇ ਕੇਡੀ ਜਾਧਵ ਇੰਡੋਰ ਹਾਲ ਵਿੱਚ ਸ਼ੁਰੂ ਹੋਏ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਚੰਗੀ ਸ਼ੁਰੂਆਤ ਕਰਦਿਆਂ ਪੁਰਸ਼ ਅਤੇ ਮਹਿਲਾ ਸਿੰਗਲਜ਼ ਦੀਆਂ ਸਾਰੀਆਂ ਕੁਆਲੀਫਾਈਂਗ ਥਾਵਾਂ ’ਤੇ ਕਬਜ਼ਾ ਕਰ ਲਿਆ। ਭਾਰਤ ਨੇ ਇਸ ਬੀਡਬਲਯੂਐਫ ਵਿਸ਼ਵ ਟੂਰ ਸੁਪਰ 500 ਟੂਰਨਾਮੈਂਟ ਦੇ ਪੁਰਸ਼ ਅਤੇ ਮਹਿਲਾ ਸਿੰਗਲਜ਼ ਦੇ ਸਾਰੇ ਚਾਰ-ਚਾਰ ਕੁਆਲੀਫਾਈਂਗ ਸਥਾਨ ਆਪਣੇ ਨਾਮ ਕਰ ਲਏ। ਪੁਰਸ਼ ਸਿੰਗਲਜ਼ ਵਿੱਚ ਕਾਰਤਿਕ ਜਿੰਦਲ, ਤੀਜਾ ਦਰਜਾ ਪ੍ਰਾਪਤ ਰਾਹੁਲ ਯਾਦਵ ਚਿੱਟਾਬੋਈਨਾ, ਚੌਥਾ ਦਰਜਾ ਪ੍ਰਾਪਤ ਸਿਧਾਰਥ ਠਾਕੁਰ ਅਤੇ ਕਾਰਤੀਕੇਅ ਗੁਲਸ਼ਨ ਕੁਮਾਰ ਨੇ ਮੁੱਖ ਡਰਾਅ ਵਿੱਚ ਥਾਂ ਬਣਾਈ, ਜਦਕਿ ਮਹਿਲਾ ਸਿੰਗਲਜ਼ ਵਿੱਚ ਰਿਤਿਕਾ ਠਾਕੁਰ, ਵੈਦੇਹੀ ਚੌਧਰੀ, ਰੀਆ ਮੁਖਰਜੀ ਅਤੇ ਪ੍ਰਾਸ਼ੀ ਜੋਸ਼ੀ ਮੁੱਖ ਟੂਰਨਾਮੈਂਟ ਵਿੱਚ ਪਹੁੰਚੀਆਂ। ਕਾਰਤਿਕ ਜਿੰਦਲ ਨੇ ਪਹਿਲੇ ਗੇੜ ਵਿੱਚ ਰੂਸ ਦੇ ਪਾਵੇਲ ਕੋਤਸਾਰੇਂਕੋ ਨੂੰ 21-19, 21-9 ਨਾਲ ਹਰਾਉਣ ਮਗਰੋਂ ਦੂਜੇ ਗੇੜ ਵਿੱਚ ਹਮਵਤਨ ਸਰਥ ਡੁਨ ਨੂੰ ਸਖ਼ਤ ਮੁਕਾਬਲੇ ਵਿੱਚ 21-12, 21-23, 21-19 ਨਾਲ ਮਾਤ ਦਿੱਤੀ ਅਤੇ ਮੁੱਖ ਡਰਾਅ ਵਿੱਚ ਪਹੁੰਚਿਆ। ਹੁਣ ਉਸ ਦਾ ਸਾਹਮਣਾ ਥਾਈਲੈਂਡ ਦੇ ਸੱਤਵਾਂ ਦਰਜਾ ਪ੍ਰਾਪਤ ਫੇਤਪ੍ਰਦਾਬ ਨਾਲ ਹੋਵੇਗਾ। ਤੀਜਾ ਦਰਜਾ ਪ੍ਰਾਪਤ ਰਾਹੁਲ ਨੇ ਕੁਆਲੀਫਾਇਰ ਦੇ ਪਹਿਲੇ ਗੇੜ ਵਿੱਚ ਅਨੀਤ ਕੁਮਾਰ ਰੇਪੁਦੀ ਨੂੰ 21-11, 21-12 ਨਾਲ ਹਰਾਉਣ ਮਗਰੋਂ ਦੂਜੇ ਗੇੜ ਵਿੱਚ ਹਮਵਤਨ ਅਨੰਤ ਸ਼ਿਵਮ ਜਿੰਦਲ 21-14, 21-15 ਨਾਲ ਹਰਾ ਕੇ ਬਾਹਰ ਦਾ ਰਸਤਾ ਵਿਖਾਇਆ। ਉਹ ਮੁੱਖ ਡਰਾਅ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਡੈਨਮਾਰਕ ਦੇ ਅਨੁਭਵੀ ਯਾਨ ਓ ਯੋਰਗੇਨਨ ਖ਼ਿਲਾਫ਼ ਕਰੇਗਾ।
Sports ਇੰਡੀਆ ਓਪਨ: ਭਾਰਤੀ ਖਿਡਾਰੀਆਂ ਦੀ ਸ਼ਾਨਦਾਰ ਸ਼ੁਰੂਆਤ