ਨਵੀਂ ਦਿੱਲੀ ,ਸਮਾਜ ਵੀਕਲੀ: ਕੇਂਦਰ ਸਰਕਾਰ ਨੇ ਅੱਜ ਸੋਸ਼ਲ ਮੀਡੀਆ ਪਲੈਟਫਾਰਮਾਂ ਨੂੰ ਤੁਰੰਤ ਉਹ ਸਾਰੀ ਸਮੱਗਰੀ ਹਟਾਉਣ ਲਈ ਕਿਹਾ ਹੈ ਜਿਸ ਵਿਚ ਕਰੋਨਾਵਾਇਰਸ ਦਾ ‘ਇੰਡੀਅਨ ਵੇਰੀਐਂਟ’ (ਵਾਇਰਸ ਦਾ ਭਾਰਤੀ ਸਰੂਪ) ਲਿਖ ਕੇ ਜ਼ਿਕਰ ਕੀਤਾ ਗਿਆ ਹੈ। ਸਰਕਾਰ ਮੁਤਾਬਕ ਇਹ ਕਦਮ ਕੋਵਿਡ-19 ਬਾਰੇ ਗਲਤ ਜਾਣਕਾਰੀ ਨੂੰ ਫੈਲਣ ਤੋਂ ਰੋਕਣ ਲਈ ਚੁੱਕਿਆ ਗਿਆ ਹੈ।
ਸਾਰੇ ਡਿਜੀਟਲ ਪਲੈਟਫਾਰਮ ਸਰਕਾਰ ਵੱਲੋਂ ਇਹ ਹਦਾਇਤਾਂ ਮਿਲਣ ਦੀ ਪੁਸ਼ਟੀ ਕਰ ਰਹੇ ਹਨ। ਸ਼ੁੱਕਰਵਾਰ ਜਿਹੜਾ ਪੱਤਰ ਆਈਟੀ ਮੰਤਰਾਲੇ ਨੇ ਡਿਜੀਟਲ ਕੰਪਨੀਆਂ ਨੂੰ ਭੇਜਿਆ ਹੈ ਉਸ ਵਿਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਵਿਸ਼ਵ ਸਿਹਤ ਸੰਗਠਨ ਨੇ ਕਰੋਨਾ ਦੇ ਬੀ.1.617 ਰੂਪ ਨੂੰ ਕਿਤੇ ਵੀ ‘ਇੰਡੀਅਨ ਵੇਰੀਐਂਟ’ ਨਹੀਂ ਦੱਸਿਆ ਹੈ। ਮੰਤਰਾਲੇ ਨੇ ਕਿਹਾ ਕਿ ‘ਝੂਠੀ ਬਿਆਨਬਾਜ਼ੀ’ ਨੂੰ ਵਾਇਰਲ ਕੀਤਾ ਜਾ ਰਿਹਾ ਹੈ।
ਮੰਤਰਾਲੇ ਨੇ ਕਿਹਾ ਕਿ ਇਸ ਮਾਮਲੇ ਬਾਰੇ ਸਿਹਤ ਮੰਤਰਾਲੇ ਵੱਲੋਂ ਪਹਿਲਾਂ ਹੀ 12 ਮਈ ਨੂੰ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਭਾਰਤ ਗੂਗਲ, ਫੇਸਬੁੱਕ ਤੇ ਟਵਿੱਟਰ ਜਿਹੇ ਡਿਜੀਟਲ ਪਲੈਟਫਾਰਮ ਲਈ ਸਭ ਤੋਂ ਵੱਡਾ ਬਾਜ਼ਾਰ ਹੈ। ਮੁਲਕ ਵਿਚ 53 ਕਰੋੜ ਲੋਕ ਵਟਸਐਪ, 44.8 ਕਰੋੜ ਯੂਟਿਊਬ, 41 ਕਰੋੜ ਫੇਸਬੁੱਕ, 21 ਕਰੋੜ ਇੰਸਟਾਗ੍ਰਾਮ ਤੇ 1.75 ਕਰੋੜ ਟਵਿੱਟਰ ਵਰਤਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly