ਗੁਰੂ ਨਾਨਕ ਸਟੇਡੀਅਮ ਵਿੱਚ ਇੰਡੀਅਨ ਵਿਮੈਨ ਲੀਗ ਦੇ ਅੱਜ ਹੋਏ ਪਹਿਲੇ ਮੈਚ ਵਿੱਚ ਸੇਤੂ ਮਧੂਰਾਇ ਦੀ ਟੀਮ ਨੇ ਬੰਗਲੌਰ ਯੂਨਾਈਟਿਡ ਫੁਟਬਾਲ ਕਲੱਬ ਨੂੰ 3-0 ਗੋਲਾਂ ਦੇ ਫ਼ਰਕ ਨਾਲ ਹਰਾਇਆ, ਜਦੋਂਕਿ ਦੂਜੇ ਮੈਚ ਵਿੱਚ ਮਨੀਪੁਰ ਪੁਲੀਸ ਸਪੋਰਟਸ ਕਲੱਬ ਨੇ ਸਾਈ-ਐਸਟੀਸੀ ਕੁਟਾਕ ’ਤੇ 10-0 ਗੋਲਾਂ ਨਾਲ ਜਿੱਤ ਦਰਜ ਕੀਤੀ। ਮਨੀਪੁਰ ਪੁਲੀਸ ਕਲੱਬ ਦੀ ਕਪਤਾਨ ਨਗਨਗੋਮ ਬਾਲਾ ਦੇਵੀ ਨੇ ਆਪਣੀ ਟੀਮ ਲਈ ਸੱਤ ਗੋਲ ਦਾਗੇ਼।
ਅੱਜ ਦਿਨ ਦੇ ਪਹਿਲੇ ਮੈਚ ਸੇਤੂ ਮਧੂਰਾਇ ਕਲੱਬ ਦੀ ਟੀਮ ਨੇ ਤੇਜ਼ ਤਰਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਪਹਿਲੇ ਅੱਧ ਵਿੱਚ ਹੀ ਲੀਡ ਦੁੱਗਣੀ ਕਰ ਲਈ ਸੀ। ਦੂਜੇ ਅੱਧ ਵਿੱਚ ਸੇਤੂ ਦੀ ਟੀਮ ਨੇ ਇੱਕ ਹੋਰ ਗੋਲ ਕਰਕੇ ਆਪਣੀ ਜਿੱਤ 3-0 ਨਾਲ ਪੱਕੀ ਕਰ ਲਈ। ਜੇਤੂ ਟੀਮ ਵੱਲੋਂ ਸਬਿੱਤਰਾ ਭੰਡਾਰੀ ਨੇ 11ਵੇਂ, ਸੰਧਿਆ ਨੇ 42ਵੇਂ ਅਤੇ ਅਨੀਤਾ ਨੇ 75ਵੇਂ ਮਿੰਟ ਵਿੱਚ ਆਪਣੀ ਟੀਮ ਲਈ ਇੱਕ-ਇੱਕ ਗੋਲ ਦਾ ਯੋਗਦਾਨ ਪਾਇਆ। ਸੇਤੂ ਦੀ ਟੀਮ ਇਸ ਤੋਂ ਪਹਿਲਾਂ ਮਨੀਪੁਰ ਦੀ ਟੀਮ ਨੂੰ ਹਰਾ ਚੁੱਕੀ ਹੈ। ਇਸ ਜਿੱਤ ਨਾਲ ਉਸ ਦੀਆਂ ਲੀਗ ਵਿੱਚ ਲਗਾਤਾਰ ਦੋ ਜਿੱਤਾਂ ਹੋ ਗਈਆਂ ਹਨ।
ਦੁਪਹਿਰ ਮਗਰੋਂ ਖੇਡੇ ਗਏ ਦੂਜੇ ਮੈਚ ਵਿੱਚ ਮਨੀਪੁਰ ਪੁਲੀਸ ਸਪੋਰਟਸ ਕਲੱਬ ਨੇ ਕਪਤਾਨ ਨਗਨਗੋਮ ਬਾਲਾ ਦੇਵੀ ਦੇ ਸੱਤ ਗੋਲਾਂ ਦੀ ਬਦੌਲਤ ਸਾਈ-ਐਸਟੀਸੀ ਕੁਟਾਕ ’ਤੇ 10-0 ਗੋਲਾਂ ਦੀ ਧਮਾਕੇਦਾਰ ਜਿੱਤ ਦਰਜ ਕੀਤੀ। ਮਨੀਪੁਰ ਵੱਲੋਂ ਨਗਨਗੋਮ ਤੋਂ ਇਲਾਵਾ ਸਲਾਮ ਰਿਨਾਰੋਏ ਦੇਵੀ ਨੇ 38ਵੇਂ ਅਤੇ 81ਵੇਂ ਮਿੰਟ ’ਚ, ਜਦਕਿ ਹੇਗਰੂਜ਼ਮ ਦਿਆ ਦੇਵੀ ਨੇ 58ਵੇਂ ਮਿੰਟ ਵਿੱਚ ਗੋਲ ਕੀਤੇ। ਜੇਤੂ ਟੀਮ ਨੇ ਪਹਿਲੇ ਅਤੇ ਦੂਜੇ ਅੱਧ ਵਿੱਚ 5-5 ਗੋਲਾਂ ਦਾਗ਼ੇ।
Sports ਇੰਡੀਅਨ ਵਿਮੈਨ ਲੀਗ: ਮਨੀਪੁਰ ਨੇ ਸਾਈ ਕੁਟਾਕ ਨੂੰ 10-0 ਨਾਲ ਦਰੜਿਆ