ਨਵੀਂ ਦਿੱਲੀ (ਸਮਾਜ ਵੀਕਲੀ) : ਇੰਟਰਪੋਲ ਨੇ ਪੰਜਾਬ ਨੈਸ਼ਨਲ ਬੈਂਕ ਨਾਲ 2 ਅਰਬ ਅਮਰੀਕੀ ਡਾਲਰ ਤੋਂ ਵੱਧ ਦੀ ਧੋਖਾਧੜੀ ਮਾਮਲੇ ਵਿੱਚ ਮੁੱਖ ਮੁਲਜ਼ਮ ਨੀਰਵ ਮੋਦੀ ਦੀ ਪਤਨੀ ਐਮੀ ਮੋਦੀ ਖ਼ਿਲਾਫ਼ ਆਲਮੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਐਮੀ ਮੋਦੀ ਖ਼ਿਲਾਫ਼ ਕਾਲੇ ਧਨ ਨੂੰ ਸਫ਼ੇਦ ਕਰਨ ਦੇ ਦੋਸ਼ ਆਇਦ ਹਨ। ਅਧਿਕਾਰੀਆਂ ਨੇ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਗੁਜ਼ਾਰਿਸ਼ ’ਤੇ ਆਲਮੀ ਪੁਲੀਸ ਸੰਸਥਾ ਨੇ ਐਮੀ ਮੋਦੀ ਖ਼ਿਲਾਫ਼ ‘ਰੈੱਡ ਨੋਟਿਸ’ ਜਾਰੀ ਕੀਤਾ ਹੈ।
ਐਮੀ ਮੋਦੀ ਸਾਲ 2018 ਵਿੱਚ ਕਥਿਤ ਬੈਂਕ ਧੋਖਾਧੜੀ ਕੇਸ ਤੋਂ ਪਰਦਾ ਚੁੱਕੇ ਜਾਣ ਤੋਂ ਫੌਰੀ ਮਗਰੋਂ ਮੁਲਕ ਛੱਡ ਗਈ ਸੀ। ਈਡੀ ਨੇ ਐਮੀ ਮੋਦੀ ’ਤੇ ਆਪਣੇ ਪਤੀ ਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਨਾਲ ਮਿਲ ਕੇ ਸਾਜ਼ਿਸ਼ ਘੜਨ ਤੇ ਮਨੀ ਲੌਂਡਰਿੰਗ ਤਹਿਤ ਦੋਸ਼ ਆਇਦ ਕੀਤੇ ਹਨ। ਨੀਰਵ ਮੋਦੀ ਇਸ ਵੇਲੇ ਯੂਕੇ ਦੀ ਜੇਲ੍ਹ ਵਿੱਚ ਬੰਦ ਹੈ। ਉਸ ਨੂੰ ਪਿਛਲੇ ਸਾਲ ਮਾਰਚ ਵਿੱਚ ਲੰਡਨ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ।