ਸੂਚਨਾ ਤਕਨੀਕ ਅਤੇ ਇੰਟਰਨੈੱਟ ਨੇ ਇਸ ਦੁਨੀਆਂ ਦੇ ਵਿਕਾਸ ‘ਚ ਵੱਡਾ ਯੋਗਦਾਨ ਦਿੱਤਾ ਹੈ ਪਰ ਹੁਣ ਤੇਜ਼ੀ ਨਾਲ ਇਸਦੇ ਮਾੜੇ ਸਿੱਟੇ ਵੀ ਸਾਹਮਣੇ ਆ ਰਹੇ ਹਨ। ਕਹਿਣ ਤੋਂ ਭਾਵ ਇਨਸਾਨ ਤਕਨੀਕ ਦਾ ਗੁਲਾਮ ਬਣਦਾ ਜਾ ਰਿਹਾ ਹੈ। ਬੱਚਿਆਂ ਦਾ ਬਚਪਨ ਵੀ ਹੁਣ ਇੰਟਰਨੈੱਟ ਦੀ ਗ੍ਰਿਫ਼ਤ ਵਿਚ ਆ ਚੁੱਕਿਆ ਹੈ ਜਾਂ ਇੰਝ ਕਹੀਏ ਕਿ ਬੱਚੇ ਵੀ ਹੁਣ ਤੇਜ਼ੀ ਨਾਲ ਇੰਟਰਨੈਂਟ ਦੀ ਗੁਲਾਮੀ ਵੱਲ ਵਧ ਰਹੇ ਹਨ। ਬਾਜ਼ਾਰ ਨੇ ਬੱਚਿਆਂ ਦੇ ਲਈ ਵੀ ਇੰਟਰਨੈੱਟ ‘ਤੇ ਐਨਾ ਕੁਝ ਦੇ ਦਿੱਤਾ ਹੈ ਕਿ ਉਹ ਪੜ੍ਹਨ ਤੋਂ ਇਲਾਵਾ ਆਪਣਾ ਜਿਆਦਾਤਰ ਸਮਾਂ ਇੰਟਰਨੈੱਟ ‘ਤੇ ਬਤੀਤ ਕਰ ਰਹੇ ਹਨ। ਪਿਛਲੇ ਦਿਨੀ ਫ੍ਰਾਂਸ ਦੀ ਸੰਸਦ ਨੇ ਇਕ ਕਾਨੂੰਨ ਬਣਾ ਕੇ ਦੇਸ਼ ਦੇ ਪ੍ਰਾਈਮਰੀ ਅਤੇ ਸੈਕੰਡਰੀ ਸਕੂਲਾਂ ‘ਚ ਬੱਚਿਆਂ ਵੱਲੋਂ ਮੋਬਾਇਲ ਫੋਨ ਦੇ ਇਸਤੇਮਾਲ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਕਾਨੂੰਨ ਦਸੰਬਰ 2019 ਤੋਂ ਲਾਗੂ ਹੋ ਗਿਆ ਹੈ। ਇਸ ਤੋਂ ਬਾਅਦ ਦੁਨੀਆਂ ਭਰ ਵਿਚ ਬਹਿਸ ਸ਼ੁਰੂ ਹੋ ਗਈ ਹੈ, ਕਈ ਲੋਕ ਸਕੂਲ ‘ਚ ਮੋਬਾਇਲ ਦੇ ਫ਼ਾਇਦੇ ਗਿਣਾ ਰਹੇ ਹਨ, ਜਦਕਿ ਫ੍ਰਾਂਸ ਦੇ ਨੌਜੁਆਨ ਰਾਸ਼ਟਰਪਤੀ ਇਮੈਨੂਅਲ ਮੈਕੋ ਨੇ ਕਈ ਸਰਵੇਖਣ ਰਿਪੋਰਟਾਂ ਨੂੰ ਅਧਾਰ ਬਣਾ ਕੇ ਹੀ ਆਪਣੇ ਦੇਸ਼ ‘ਚ ਬੱਚਿਆਂ ਦੇ ਸਕੂਲਾਂ ‘ਚ ਮੋਬਾਇਲ ਫੋਨ ਦੇ ਇਸਤੇਮਾਲ ‘ਤੇ ਪਾਬੰਦੀ ਦਾ ਬਿਲ ਖ਼ੁਦ ਪੇਸ਼ ਕੀਤਾ ਅਤੇ ਸਾਂਸਦਾ ਤੋਂ ਇਸਦੇ ਲਈ ਸਮਰਥਣ ਮੰਗਿਆ। ਫ੍ਰਾਂਸ ਜਿਹੇ ਵਿਕਸਤ ਦੇਸ਼ ਦੀ ਇਸ ਪਹਿਲ ਨਾਲ ਭਾਰਤ ‘ਚ ਵੀ ਕੁਝ ਲੋਕ ਅਜਿਹੀ ਪਾਬੰਦੀ ਦੀ ਗੱਲ ਕਰ ਰਹੇ ਹਨ, ਕਿਉਂਕਿ ਇਥੇ ਸਕੂਲਾਂ ‘ਚ ਮੋਬਾਇਲ ਫੋਨ ਦੀ ਦੁਰਵਰਤੋਂ ਦੇ ਮਾਮਲੇ ਵਧਦੇ ਜਾ ਰਹੇ ਹਨ। ਸਕੂਲੀ ਬੱਚਿਆਂ ਦੇ ਯੌਨ ਸੋਸ਼ਣ ਤੋਂ ਤਿਆਰ ਅਸ਼ਲੀਲ ਵੀਡੀੳ ਕਲਿੱਪਾਂ ਨਾਲ ਇੰਟਰਨੈੱਟ ਭਰਿਆ ਪਿਆ ਹੈ। ਅਸਲ ‘ਚ ਘੱਟ ਉਮਰ ਦੇ ਬੱਚੇ ਕਲਾਸ ‘ਚ ਫੋਨ ਲੈਕੇ ਬੋਰਡ ਅਤੇ ਕਿਤਾਬਾਂ ਦੀ ਥਾਂ ਮੋਬਾਇਲ ‘ਤੇ ਜਿਆਦਾ ਧਿਆਨ ਦਿੰਦੇ ਹਨ, ਉਹ ਇਕ-ਦੂਜੇ ਨੂੰ ਮੇੈਸਜ਼ ਭੇਜ਼ ਕੇ ਗੱਲਾਂ ਕਰਦੇ ਹਨ ਜਾਂ ਫਿਰ ਫੇਸਬੱੁਕ, ਇੰਸਟਾਗ੍ਰਾਮ ਜਿਹੀਆਂ ਸੋਸ਼ਲ ਸਾਈਟਾਂ ‘ਤੇ ਸਰਗਰਮ ਰਹਿੰਦੇ ਹਨ। ਇਸ ਨਾਲ ਉਨ੍ਹਾਂ ਦੀ ਸਿੱਖਣ ਅਤੇ ਯਾਦ ਰੱਖਣ ਦੀ ਸਮਰੱਥਾ ਤਾਂ ਪ੍ਰਭਾਵਿਤ ਹੋ ਹੀ ਰਹੀ ਹੈ, ਸਗੋਂ ਉਨ੍ਹਾਂ ਦੀ ਸਖਸ਼ੀਅਤ ‘ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਹੁਣ ਉਹ ਖੇਡ ਦੇ ਮੈਦਾਨ ‘ਚ ਪਸੀਨਾ ਕੱਢਣ ਦੀ ਥਾਂ ਅਭਾਸੀ ਦੁਨੀਆਂ ‘ਚ ਵਿਅਸਤ ਰਹਿੰਦੇ ਹਨ। ਇਸ ਨਾਲ ਘੱਟ ਉਮਰ ‘ਚ ਹੀ ਉਨ੍ਹਾਂ ਵਿਚ ਮੋਟਾਪਾ, ਸੁਸਤੀ, ਅੱਖਾਂ ਦਾ ਕਮਜ਼ੋਰ ਹੋਣਾ, ਯਾਦਦਾਸ਼ਤ ਕਮਜ਼ੋਰ ਹੋਣ ਜਿਹੇ ਅਸਰ ਵੀ ਨਜਰ ਆਉਦ ਲੱਗੇ ਹਨ। ਪਹਿਲਾਂ ਬੱਚੇ ਜਿਸ ਗਿਣਤੀ ਨੂੰ ਪੜ੍ਹ ਕੇ, ਸਪੈਲਿੰਗ ਜਾਂ ਪਾਠ ਨੂੰ ਆਪਣੇ ਦਿਮਾਗ ‘ਚ ਯਾਦ ਰੱਖਦੇ ਸਨ, ਹੁਣ ਉਹ ਉਹੀ ਚੀਜ਼ ਗੂਗਲ ‘ਤੇ ਲੱਭਣ ਦੀ ਚਾਹਤ ‘ਚ ਉਸ ਨੂੰ ਯਾਦ ਨਹੀਂ ਰੱਖਦੇ, ਇਥੋਂ ਤੱਕ ਕੀ ਕਈ ਬੱਚਿਆਂ ਨੂੰ ਆਪਣੇ ਘਰ ਦਾ ਫੋਨ ਨੰਬਰ ਤੱਕ ਯਾਦ ਨਹੀਂ ਰਹਿੰਦਾ। ਅਜਿਹੇ ਹਲਾਤਾਂ ਨੂੰ ਦੇਖਦੇ ਹੋਏ ਸਾਡੇ ਦੇਸ਼ ਦੇ ਸਕੂਲਾਂ ਵਿਚ ਘੱਟੋਂ ਘੱਟ ਅੱਠਵੀਂ ਕਲਾਸ ਦੇ ਬੱਚਿਆਂ ਲਈ ਮੋਬਾਇਲ ਫੋਨ ਬੈਨ ਹੋਣਾ ਚਾਹੀਦਾ ਹੈ।
ਹਜੇ ਪਿਛਲੇ ਦਿਨੀਂ ਇਕ ਸਰਵੇਖਣ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਸਕੂਲਾਂ ‘ਚ ਪੜ੍ਹਨ ਵਾਲੇ ਹਰ ਪੰਜ ਬੱਚਿਆਂ ਵਿਚੋਂ ਇਕ ਬੱਚਾ ਇੰਟਰਨੈੱਟ ਦਾ ਇਸਤੇਮਾਲ ਕਰਦਾ ਹੈ। ਸਰਵੇਖਣ ਵਿਚ ਦੱਸਿਆ ਗਿਆ ਹੈ ਕਿ ਪੰਜਾ ਵਿਚੋਂ ਇਕ ਬੱਚਾ ਇੰਟਰਨੈੱਟ ਦੀ ਭੈੜੀ ਲਤ ਦਾ ਸ਼ਿਕਾਰ ਹੈ। ਸੋਸ਼ਲ ਸਾਈਟਾਂ ਦੇ ਦਿਵਾਨੇ ਇਹਨਾਂ ਬੱਚਿਆਂ ਦਾ ਇੰਟਰਨੈੱਟ ਪ੍ਰਤੀ ਮੋਹ, ਇਹਨਾਂ ਦੀ ਪੜ੍ਹਾਈ, ਸਮਾਜਕ ਜੀਵਨ ਅਤੇ ਭਵਿੱਖ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰ ਰਿਹਾ ਹੈ।
ਬੱਚਿਆਂ ਦੀ ਇੰਟਰਨੈੱਟ ਪ੍ਰਤੀ ਇਸ ਡਿਜੀਟਲ ਲਤ ਤੋਂ ਛੁਟਕਾਰਾ ਪਾਉਣ ਦੇ ਲਈ ਅਮਰੀਕਾ, ਚੀਨ , ਦੱਖਣੀ ਕੋਰੀਆ ਸਮੇਤ ਕਈ ਦੇਸ਼ਾਂ ‘ਚ ਕਲੀਨਿਕ ਖੋਲੇ ਗਏ ਹਨ। ਸਾਡੇ ਦੇਸ਼ ਦੇ ਬੈਂਗਲੁਰੂ ਅਤੇ ਦਿੱਲੀ ਜਿਹੇ ਮੈਟਰੋ ਸ਼ਹਿਰਾਂ ਵਿਚ ਵੀ ਇੰਟਰਨੈੱਟ-ਡੀ -ਅਡੀਕਸ਼ਨ ਕਲੀਨਿਕ ਖੋਲੇ੍ਹ ਜਾ ਰਹੇ ਹਨ। ਦਰਅਸਲ ਅੱਜ ਦੁਨੀਆਂ ਭਰ ਵਿਚ ਇੰਟਰਨੈੱਟ ਦੀ ਲਤ ਇਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਹੀ ਡੀ -ਅਡੀਕਸ਼ਨ ਸੈਂਟਰਾ ਦੀ ਜ਼ਰੂਰਤ ਮਹਿਸੂਸ ਕੀਤੀ ਜਾਣ ਲੱਗੀ ਹੈ, ਇਹਨਾਂ ਸੈੱਟਰਾਂ ‘ਚ ਜਿੰਦਗੀ ਨੂੰ ਆਫਲਾਈਨ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ। ਡਿਜੀਟਲ ਲਤ ਦੇ ਕਾਰਨ ਲੋਕ ਆਪਣੀਆਂ ਅਸਲ ਸਮੱਸਿਆਵਾਂ ਤੋਂ ਦੂਰ ਹੋ ਰਹੇ ਹਨ। ਮੌਲਿਕ ਚਿੰਤਨ ਅਤੇ ਮੌਲਿਕ ਸੋਚ ਘੱਟ ਹੋ ਰਹੀ ਹੈ ਨਾਲ ਹੀ ਲੋਕਾਂ ਦਾ ਸਮਾਜਕ ਦਾਇਰਾ ਵੀ ਘਟ ਰਿਹਾ ਹੈ। ਇੰਟਰਨੈੱਟ ਦੀ ਲਤ ਇਕ ਅਜਿਹੀ ਮਨੋਦਸ਼ਾ ਹੈ, ਜਦੋਂ ਲੋਕ ਘੰਟਿਆਂ ਤੱਕ ਆਨਲਾਈਨ ਗੇਮ, ਨੈੱਟ ਸਰਫਿੰਗ ਜਾਂ ਸੋਸ਼ਲ ਸਾਈਟਾਂ ਤੇ ਸਮਾਂ ਬਤੀਤ ਕਰਨ ਲਗਦੇ ਹਨ ਅਤੇ ਇਸ ਕੰਮ ਦਾ ਕੋਈ ਨਿਸ਼ਚਤ ਸਮਾਂ ਨਹੀਂ ਰਹਿੰਦਾ। ਆਪਣੇ’ਆਪ ‘ਤੇ ਕੰਟਰੋਲ ਵੀ ਘੱਟ ਹੁੰਦਾ ਜਾਂਦਾ ਰਹਿੰਦਾ ਹੈ। ਇੰਟਰਨੈੱਟ ਨਹੀਂ ਮਿਲਦਾ ਤਾਂ ਬੇਚੈਨੀ ਹੋਣ ਲੱਗਦੀ ਹੈ, ਇਥੋਂ ਤੱਕ ਕਈ ਲੋਕ ਤਾਂ ਅਵਸਾਦ (ਡਿਪ੍ਰੈਸ਼ਨ) ਦੇ ਸ਼ਿਕਾਰ ਵੀ ਹੋ ਜਾਂਦੇ ਹਨ। ਲੋਕ ਝੂਠ ਬੋਲਣ, ਸਮੱਸਿਆਵਾਂ ਤੋਂ ਭੱਜਣ ਲਗਦੇ ਹਨ ਅਤੇ ਜਲਦ ਹੀ ਨਕਰਾਤਮਕ ਤੱਕ ਵੀ ਹੋ ਜਾਂਦੇ ਹਨ। ਅਸਲ ਵਿਚ ਨੌਜੁਆਨ ਵਰਗ ਜਾਣਕਾਰੀਆਂ ਦੇ ਬੋਝ ਨਾਲ ਦਬਦਾ ਜਾ ਰਿਹਾ ਹੈ ਅਤੇ ਉਸ ਵਿਚ ਖੁਦ ਸੋਚਣ ਅਤੇ ਸਮਝਣ ਦੀ ਸਮਰੱਥਾ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ। ਨਾਲ ਹੀ ਕੰਮ ਵਿਚ ਮੌਲਿਕਤਾ ਦੀ ਕਮੀਂ ਵੀ ਸਾਫ ਨਜਰ ਆ ਰਹੀ ਹੈ।
ਬਿਨਾਂ ਮੋਬਾਇਲ ਫੋਨ ਦੇ ਇਕ ਪੂਰਾ ਦਿਨ ਲੰਘਾਉਣ ਦੀ ਕਲਪਨਾ ਹੁਣ ਬਹੁਤ ਮੁਸ਼ਕਿਲ ਲਗਦੀ ਹੈ, ਕਈਆਂ ਦੇ ਲਈ ਤਾਂ ਇਹ ਕੰਮ ਨਾ -ਮੁੰਮਕਿਨ ਹੀ ਹੈ। ਵੈਸੇ ਤਾਂ ਸਾਈਬਰ ਲਤ ਦੀ ਇਹ ਸਮੱਸਿਆ ਪੂਰੀ ਦੁਨੀਆਂ ‘ਚ ਫੈਲ ਰਹੀ ਹੈ ਪਰ ਦੁਨੀਆਂ ‘ਚ ਨੌਜੁਆਨਾਂ ਦੀ ਸਭ ਤੋਂ ਵੱਡੀ ਅਬਾਦੀ ਵਾਲੇ ਭਾਰਤ ਜਿਹੇ ਵਿਕਾਸਸ਼ੀਲ ਦੇਸ਼ ਦੇ ਲਈ ਇਹ ਸਮੱਸਿਆ ਜਿਆਦਾ ਗੰਭੀਰ ਹੈ।
ਹੁਣ ਸਮਾਂ ਆ ਗਿਆ ਹੈ ਕਿ ਜੇਕਰ ਇਸ ਸਮੱਸਿਆ ਦਾ ਹੱਲ ਨਹੀਂ ਲੱਭਿਆ ਗਿਆ ਤਾਂ ਮਨੁੱਖ ਦੀ ਇਹ ਦੇਣ ਮਨੁੱਖ ਦੇ ਲਈ ਹੀ ਘਾਤਕ ਸਿੱਧ ਹੋ ਜਾਵੇਗੀ। ਇਸ ਸਾਈਬਰ (ਡਿਜੀਟਲ) ਬਿਮਾਰੀ ਤੋਂ ਛੁਟਕਾਰਾ ਪਾਉਣ ਦੇ ਲਈ ਸਰਕਾਰ ਦੇ ਨਾਲ ਸਮਾਜਕ ਅਤੇ ਪਰਿਵਾਰ ਪੱਧਰ ‘ਤੇ ਪਹਿਲ ਕਰਨੀ ਹੋਵੇਗੀ, ਜਿਸ ਵਿਚ ਸਾਨੂੰ ਇਹ ਪ੍ਰਣ ਲੈਣਾ ਹੋਵਗਾ ਕਿ ਛੋਟੇ ਬੱਚਿਆਂ ਨੂੰ ਘਰ ਅਤੇ ਸਕੂਲ ਵਿਚ ਮੋਬਾਇਲ ਫੋਨ ਤੋਂ ਦੂਰ ਰੱਖਿਆ ਜਾਵੇ। ਨਾਲ ਹੀ ਮਾਪਿਆਂ ਨੂੰ ਵੀ ਬੱਚਿਆਂ ਸਾਹਮਣੇ ਮੋਬਾਇਲ ਦੇ ਬੇਲੋੜੇ ਇਸਤੇਮਾਲ ਬਗੈਰ ਰਹਿਣ ਦੀ ਮਿਸਾਲ ਪੇਸ਼ ਕਰਨੀ ਪਵੇਗੀ।
ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,ਬਠਿੰਡਾ