ਲੰਡਨ (ਸਮਾਜਵੀਕਲੀ)(ਸਮਰਾ): ਯੂ.ਕੇ ਦੇ ਸ਼ਹਿਰ ਡਰਬੀ ਵਿਚ ਸੋਮਵਾਰ ਸਵੇਰੇ ਗੁਰੂ ਅਰਜਨ ਦੇਵ ਗੁਰਦੁਆਰਾ ‘ਤੇ ਇਕ ਸ਼ਖਸ ਨੇ ਹਮਲਾ ਕਰ ਦਿੱਤਾ ਅਤੇ ਭੰਨ-ਤੋੜ ਕੀਤੀ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਸ ਦੌਰਾਨ ਕਿਸੇ ਨੂੰ ਸੱਟ ਨਹੀਂ ਲੱਗੀ ਹੈ ਪਰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਭਾਵੇਂਕਿ ਆਪਣੇ ਸਮਾਜਿਕ ਕੰਮਾਂ ਲਈ ਮਸ਼ਹੂਰ ਗੁਰਦੁਆਰੇ ‘ਤੇ ਇਸ ਤਰ੍ਹਾਂ ਦੇ ਹਮਲੇ ਦੇ ਪਿੱਛੇ ਨਫਰਤੀ ਅਪਰਾਧ ਦੀ ਗੱਲ ਕਹੀ ਜਾ ਰਹੀ ਹੈ। ਪੁਲਸ ਨੇ ਹਮਲਾ ਕਰਨ ਵਾਲੇ ਸ਼ਖਸ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਭੰਨ-ਤੋੜ ਕਰਨ ਵਾਲਾ ਸ਼ਖਸ ਪਾਕਿਸਤਾਨੀ ਨਾਗਰਿਕ ਹੈ।
ਲਾਕਡਾਊਨ ਕਾਰਨ ਗੁਰਦੁਆਰੇ ਵਿਚ ਧਾਰਮਿਕ ਕੰਮ ਬੰਦ ਹਨ ਅਤੇ ਰੋਜ਼ਾਨਾ ਅਰਦਾਸ ਲਾਈਵ ਸਟ੍ਰੀਮਿੰਗ ਜ਼ਰੀਏ ਕੀਤੀ ਜਾ ਰਹੀ ਹੈ। ਡਰਬੀ ਦਾ ਗੁਰੂ ਅਰਜਨ ਦੇਵ ਗੁਰਦੁਆਰਾ ਲੋੜਵੰਦਾਂ ਤੱਕ ਖਾਣਾ ਪਹੁੰਚਾਉਣ ਦੇ ਆਪਣੇ ਕੰਮ ਨੂੰ ਲੈ ਕੇ ਕਾਫੀ ਜਾਣਿਆ ਜਾਂਦਾ ਹੈ। ਇੱਥੇ ਸੋਮਵਾਰ ਸਵੇਰੇ ਇਕ ਸ਼ਖਸ ਨੇ ਭੰਨ-ਤੋੜ ਕੀਤੀ। ਸਾਹਮਣੇ ਆਈਆਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਗੁਰਦੁਆਰੇ ਦਾ ਕੱਚ ਟੁੱਟਿਆ ਹੋਇਆ ਹੈ। ਦੱਸਿਆ ਗਿਆ ਹੈ ਕਿ ਘਟਨਾ ਦੇ ਬਾਅਦ ਕੰਪਲੈਕਸ ਦੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਗੁਰਦੁਆਰੇ ਵੱਲੋਂ ਬਿਆਨ ਜਾਰੀ ਕਰ ਕੇ ਦੱਸਿਆ ਗਿਆ ਹੈ ਕਿ ਅਜਿਹੀਆਂ ਘਟਨਾਵਾਂ ਨਾਲ ਉਹਨਾਂ ਦੀ ਸੇਵਾ-ਭਾਵਨਾ ਵਿਚ ਕਮੀ ਨਹੀਂ ਆਵੇਗੀ ਅਤੇ ਮਦਦ ਦਾ ਕੰਮ ਜਾਰੀ ਰਹੇਗਾ।
ਅਰਜਨ ਦੇਵ ਗੁਰਦੁਆਰਾ ਰੋਜ਼ਾਨਾ 350-500 ਲੋਕਾਂ ਨੂੰ ਖਾਣਾ ਖਵਾਉਂਦਾ ਹੈ। ਕਿਸੇ ਵੀ ਧਰਮ, ਭਾਈਚਾਰੇ ਦੇ ਲੋਕਾਂ ਨੂੰ ਇੱਥੋਂ ਮਦਦ ਪਹੁੰਚਾਈ ਜਾਂਦੀ ਹੈ। ਖਾਸ ਕਰ ਕੇ ਕੋਰੋਨਾਵਾਇਰਸ ਦੇ ਵਿਚ ਇੱਥੇ ਜ਼ਰੂਰੀ ਕੰਮਾਂ ‘ਤੇ ਜਾਣ ਵਾਲੇ ਫਰੰਟਲਾਈਨ ਵਰਕਰਾਂ ਨੂੰ ਅੱਗੇ ਵੱਧ ਕੇ ਮਦਦ ਦਿੱਤੀ ਜਾਂਦੀ ਹੈ। ਲਾਕਡਾਊਨ ਦੇ ਵਿਚ ਇੱਥੇ ਧਾਰਮਿਕ ਕੰਮ ਨਹੀਂ ਹੋ ਰਹੇ ਹਨ।ਲਾਕਡਾਊਨ ਦੌਰਾਨ ਪੂਰੇ ਕੰਪਲੈਕਸ ਦੀ ਵਰਤੋਂ ਕੋਰੋਨਾ ਸੰਬੰਧੀ ਮਦਦ ਪਹੁੰਚਾਉਣ ਲਈ ਕੀਤੀ ਜਾਂਦੀ ਹੈ। ਵਾਲੰਟੀਅਰਜ਼ ਸਮਾਜਿਕ ਦੂਰੀ ਦੀ ਪਾਲਣਾ ਕਰਦਿਆਂ ਆਪਣਾ ਕੰਮ ਚੰਗੇ ਢੰਗ ਨਾਲ ਕਰਦੇ ਹਨ।
ਭੰਨ-ਤੋੜ ਕਰਨ ਵਾਲੇ ਪਾਕਿਸਤਾਨੀ ਨਾਗਰਿਕ ਨੇ ਗੁਰਦੁਆਰਾ ਸਾਹਿਬ ਦੀਆਂ ਕੰਧਾਂ ‘ਤੇ ਇਕ ਨੋਟ ਵੀ ਚਿਪਕਾਇਆ। ਇਸ ਵਿਚ ਕਸ਼ਮੀਰ ਦੇ ਬਾਰੇ ਵਿਚ ਲਿਖਿਆ ਗਿਆ ਹੈ। ਦੋਸ਼ੀ ਨੇ ਲਿਖਿਆ ਹੈ,”ਕਸ਼ਮੀਰੀਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੋ ਨਹੀਂ ਤਾਂ ਹਰ ਕਿਸੇ ਨੂੰ ਮੁਸ਼ਕਲ ਹੋਵੇਗੀ।” ਇਸ ਨੋਟ ਵਿਚ ਇਕ ਫੋਨ ਨੰਬਰ ਵੀ ਦਿੱਤਾ ਗਿਆ ਹੈ।