ਇੰਗਲੈਂਡ ਨੇ ਟੀ-20 ਮੈਚਾਂ ਦੀ ਲੜੀ ਵਿੱਚ ਕਲੀਨਸਵੀਪ ਕੀਤਾ

ਡੇਵਿਡ ਵਿਲੀ ਦੀ ਤੂਫਾਨੀ ਗੇਂਦਬਾਜ਼ੀ ਨਾਲ ਇੰਗਲੈਂਡ ਨੇ ਤੀਜੇ ਤੇ ਆਖ਼ਰੀ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਵੈਸਟਇੰਡੀਜ਼ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 3-0 ਨਾਲ ਕਲੀਨਸਵੀਪ ਕੀਤਾ। ‘ਮੈਨ ਆਫ਼ ਦਿ ਮੈਚ’ ਬਣੇ ਤੇਜ਼ ਗੇਂਦਬਾਜ਼ ਵਿਲੀ ਨੇ ਕਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ ਸੱਤ ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਜਿਸ ਨਾਲ ਵੈਸਟਇੰਡੀਜ਼ ਦੀ ਟੀਮ 13 ਓਵਰਾਂ ਵਿੱਚ ਸਿਰਫ਼ 71 ਦੌੜਾਂ ’ਤੇ ਢੇਰ ਹੋ ਗਈ। ਇੰਗਲੈਂਡ ਨੇ ਇਸ ਦੇ ਜਵਾਬ ਵਿੱਚ ਜੋਨੀ ਬੇਅਰਸਟਾਅ (37) ਅਤੇ ਐਲੇਕਸ ਹੇਲਜ਼ (20) ਦੀਆਂ ਪਾਰੀਆਂ ਦੀ ਬਦੌਲਤ 10.3 ਓਵਰਾਂ ਵਿੱਚ ਦੋ ਵਿਕਟਾਂ ’ਤੇ 72 ਦੌੜਾਂ ਬਣਾ ਕੇ ਬੇਹੱਦ ਆਸਾਨ ਜਿੱਤ ਦਰਜ ਕੀਤੀ। ਕਪਤਾਨ ਈਓਨ ਮੋਰਗਨ (ਨਾਬਾਦ 10) ਨੇ ਲੈੱਗ ਸਪਿੰਨਰ ਦੇਵੇਂਦਰ ਬਿਸ਼ੂ ਦੀਆਂ ਲਗਾਤਾਰ ਗੇਂਦਾਂ ’ਤੇ ਛੱਕਾ ਅਤੇ ਚੌਕਾ ਮਾਰ ਕੇ ਇੰਗਲੈਂਡ ਨੂੰ ਜਿੱਤ ਦਿਵਾਈ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਪਰ ਟੀਮ ਨੇ ਨਿਯਮਤ ਫ਼ਰਕ ਨਾਲ ਵਿਕਟਾਂ ਗੁਆਈਆਂ। ਟੀਮ ਦਾ ਕੋਈ ਬੱਲੇਬਾਜ਼ 11 ਦੌੜਾਂ ਦੇ ਅੰਕੜੇ ਨੂੰ ਵੀ ਪਾਰ ਨਹੀਂ ਕਰ ਸਕਿਆ। ਮਾਰਕ ਵੁੱਡ ਨੇ ਵਿਲੀ ਦਾ ਚੰਗਾ ਸਾਥ ਦਿੰਦੇ ਹੋਏ ਨੌਂ ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦੋਂਕਿ ਆਦਿਲ ਰਾਸ਼ਿਦ ਨੇ 18 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ।

Previous articleਡੀਜੀਸੀਏ ਵੱਲੋਂ ਬੋਇੰਗ 737 ਮੈਕਸ ਬਾਰੇ ਹਦਾਇਤਾਂ ਜਾਰੀ
Next articlePoliticizing border conflict won’t help BJP: Kejriwal