(ਸਮਾਜ ਵੀਕਲੀ)
ਇੰਗਲੈਂਡ ਵਿੱਚ ਦੁਨੀਆਂ ਦੇ ਲਗਭਗ 115 ਮੁਲਖਾਂ ਦੇ ਲੋਕ ਜਾਂ ਕੱਚੇ ਪੱਕੇ ਤੌਰ ਤੇ ਵਸਦੇ ਹਨ । ਇਹ ਮੁਲਖ ਪੂਰੀ ਦੁਨੀਆਂ ਦਾ ਕੇਂਦਰੀ ਧੁਰਾ ਰਿਹਾ ਹੈ ਤੇ ਅੱਜ ਵੀ ਹੈ । ਇੱਥੇ ਹਰ ਸਾਲ ਲੱਖਾਂ ਸੈਲਾਨੀ ਆਉੰਦੇ ਜਾਂਦੇ ਹਨ ਤੇ ਪੂਰਾ ਸਾਲ ਇਹ ਤਾਂਤਾ ਬੱਝਾ ਰਹਿੰਦਾ। ਏਹੀ ਕਾਰਨ ਹੈ ਕਿ ਇਥੋਂ ਦਾ ਲੰਡਨ ਵਿਖੇ ਸਥਿਤ ਹੀਥਰੋ ਏਅਰਪੋਰਟ ਦੁਨੀਆਂ ਦਾ ਸਭ ਤੋਂ ਵੱਧ ਹਵਾਈ ਟਰੈਫਿਕ ਵਾਲਾ ਏਅਰਪੋਰਟ ਹੈ, ਜਿਥੇ ਮਿੰਟ ਮਿੰਟ ਬਾਅਦ ਹੀ ਨਹੀ ਬਲਕਿ ਸਕਿੰਟਾ ਦੇ ਹਿਸਾਬ ਨਾਲ ਕਈ ਕਈ ਜਹਾਜ਼ ਚੜ੍ਹਦੇ ਉਤਰਦੇ ਹਨ। ਇਹ ਮੁਲਕ ਪੂਰੇ ਵਿਸ਼ਵ ਵਿਚ ਮਿਸ਼ਰਤ ਸੱਭਿਅਚਾਰ ਦੀ ਇਕ ਵਧੀਆ ਉਦਾਹਰਣ ਹੈ । ਬੇਸ਼ੱਕ ਗੁਰਦੁਆਰਿਆਂ ਚ ਪ੍ਰਧਾਨਗੀਆਂ ਹਥਿਆਉਣ ਲਈ ਪਾਟੋ ਧਾੜ ਜ਼ਰੂਰ ਦੇਖੀ ਜਾ ਸਕਦੀ ਹੈ, ਪਰ ਗੁਰਬਾਣੀ ਦਾ ਸਾਂਝੀਵਾਲਤਾ ਵਾਲਾ ਸੰਕਲਪ ਵਿਹਾਰਕ ਰੂਪ ਵਿੱਚ ਇਸ ਮੁਲਕ ਅੰਦਰ ਸਹੀ ਮਾਨਿਆਂ ਚ ਲਾਗੂ ਜ਼ਰੂਰ ਦੇਖਿਆ ਜਾ ਸਕਦਾ ਹੈ । ਨਸਲੀ ਭੇਦਭਾਵ ਦੇ ਵਿਤਕਰੇ ਵਾਸਤੇ ਪੁਖਤਾ ਕਾਨੂੰਨ ਹੈ, ਹਰ ਇਕ ਨਾਲ ਬਰਾਬਰਤਾ ਦਾ ਸਲੂਕ ਕੀਤਾ ਜਾਂਦਾ ਹੇ । ਫੈਕਟਰੀਆਂ ਤੇ ਦਫਤਰਾਂ ਚ ਹਰ ਸੱਭਿਆਚਾਰ ਦੇ ਲੋਕ ਭਰਾਤਰੀ ਭਾਵਨਾ ਨਾਲ ਕੰਮ ਕਰਦੇ ਹਨ । ਅਨੇਕਤਾ ਚ ਏਕਤਾ ਦਾ ਕਾਨੂੰਨ ਵੀ ਲਾਗੂ ਹੈ ਤੇ ਏਸ ਸਬੰਧੀ ਕੰਮਾਂਕਾਰਾਂ ਤੇ ਲੋਕਾਂ ਨੂੰ ਜਾਣਕਾਰੀ ਵੀ ਦਿੱਤੀ ਜਾਂਦੀ ਹੈ । ਹਰ ਵਿਅਕਤੀ ਦੇ ਹੱਕਾਂ ਹਿਤਾਂ ਦਾ ਬਰਾਬਰਤਾ ਦੇ ਅਧਾਰ ਤੇ ਖਿਆਲ ਰੱਖਿਆ ਜਾਂਦਾ ਹੈ । ਰਲ ਮਿਲਕੇ ਕੰਮ ਕਰਨ ਨੂੰ ਟੀਮ ਵਰਕ ਕਿਹਾ ਜਾਂਦਾ ਹੈ ਤੇ ਇਸ ਤਰਾਂ ਕਰਕੇ ਭਾੲੀਚਾਰਕ ਸਾਂਝਾਂ ਦੀ ਨੀਂਹ ਮਜਬੂਤ ਕੀਤੀ ਜਾਂਦੀ ਹੈ । ਇਮਾਨਦਾਰੀ ਕਾਿੲਮ ਹੈ ।
ਕਈ ਵਾਰ ਸਾਡੇ ਚੋੰ ਬਹੁਤਿਆਂ ਨੂੰ ਪਤਾ ਹੀ ਨਹੀੰ ਲਗਦਾ ਕਿ ਸਾਡੇ ਨਾਲ ਕਿਧਰੇ ਹੇਰਾ ਫੇਰੀ ਹੋ ਗਈ ਹੈ ਜਾਂ ਗਲਤੀ ਨਾਲ ਕਿਸੇ ਵਿਭਾਗ ਨੇ ਵਧੇਰੇ ਪੈਸੇ ਵਸੂਲ ਕਰ ਲਏ ਹਨ, ਪਰ ਇਥੇ ਚਿੰਤਾ ਵਾਲੀ ਬਿਲਕੁਲ ਵੀ ਕੋਈ ਗੱਲ ਨਹੀਂ ਕਿਉਕਿ ਸੰਬੰਧਿਤ ਵਿਭਾਗ ਆਪਣੇ ਆਪ ਹੀ ਸਾਰੀ ਪੜਤਾਲ ਕਰਕੇ ਤੁਹਾਡੇ ਨਾਲ ਇਨਸਾਫ ਕਰਦਾ ਹੈ । ਪਿਛਲੇ ਦਿਨੀਂ ਇੱਥੋਂ ਦੇ ਟੈਕਸ ਵਿਭਾਗ ਨੇ ਗਲਤੀ ਨਾਲ ਮੇਰਾ ਪਿਛਲੇ ਸਾਲ ਦੋ ਪੌੰਡ ਪੰਜਾਹ ਪਿੰਸ ਵਧੇਰੇ ਟੈਕਸ ਕੱਟਿਆ ਜੋ ੳਹਨਾਂ ਨੇ ਮੁਆਫੀ ਪੱਤਰ ਭੇਜਣ ਸਮੇਤ ਮੇਰੇ ਖਾਤੇ ਚ ਪਾ ਕੇ ਵਾਪਸ ਕਰ ਦਿੱਤਾ । ਇਸੇ ਤਰਾਂ ਵਰਜਿਨ ਮੀਡੀਆ ਨੇ ਇੰਟਰਨੈਟ ਸਰਵਿਸ ਦੇ ਸਾਢੇ ਤਿੰਨ ਪੌਂਡ ਗਲਤੀ ਨਾਲ ਮੇਰੇ ਅਕਾਊਂਟ ਵਿੱਚੋਂ ਵਧੇਰੇ ਕੱਢ ਲਏ, ਪਰ ਪਤਾ ਲੱਗਣ ‘ਤੇ ਜਲਦੀ ਹੀ ਫਿਰ ਅਕਾਊਂਟ ਵਿਚ ਜਮਾਂ ਵੀ ਕਰ ਦਿੱਤੇ ਤੇ ਇਸ ਦੇ ਨਾਲ ਮੁਆਫੀ ਪੱਤਰ ਵੀ ਡਾਕ ਰਾਹੀਂ ਭੇਜ ਦਿੱਤਾ । ਰਸਤੇ ਚ ਤੁਰੇ ਜਾਂਦਿਆਂ ਤੁਹਾਡਾ ਮੌਢਾ ਬੇਧਿਆਨੀ ਚ ਕਿਸੇ ਨਾਲ ਟਕਰਾ ਜਾਵੇ ਤਾਂ ਗਲਤੀ ਕੀਹਦੀ ਹੋਈ, ਪਤਾ ਕਰਨ ਚ ਸਮਾ ਬਰਬਾਦ ਕਰਨ ਦੀ ਬਜਾਏ, sorry ਦੋਵੇਂ ਧਿਰਾ ਕਹਿ ਕੇ ਅੱਗੇ ਵਧ ਜਾਂਦੀਆਂ ਹਨ ।
ਦੁਕਾਨਾਂ ਤੇ ਕੀਮਤਾਂ ਫਿਕਸ ਹਨ ਕੋਈ ਬਾਰਗੇਨ ਨਹੀਂ । ਕਿਸੇ ਨੂੰ ਕੋਈ ਚੀਜ਼ ਪਸੰਦ ਹੈ ਤਾਂ ਲੈ ਲਵੇ ਨਹੀਂ ਤਾਂ ਅੱਗੇ ਵਧੇ, ਪਰ ਭਾਅ ਇਕ ਹੀ ਰਹੇਗਾ । ਬੱਸਾਂ ਤੇ ਰੇਲਾਂ ਚ ਚੜਨ ਉਤਰਨ ਸਮੇਂ ਧਕਮ ਧੱਕਾ ਨਹੀਂ, ਲਾਇਨ ਚ ਲੱਗੋ ਆਪਣੀ ਵਾਰੀ ਦੀ ਇੰਤਜਾਰ ਕਰੋ । ਲਾਇਨ ਚ ਖੜਿਆਂ ਨੂੰ ਕੋਈ ਧੱਕਾ ਨਹੀਂ ਮਾਰੇਗਾ ਤੇ ਨਾ ਹੀ ਪਿਛਿਓਂ ਆ ਅੱਗੇ ਖੜਨ ਦੀ ਕੋਸ਼ਿਸ਼ ਕਰੇਗਾ । ਏਹੀ ਸਿਸਟਮ ਦਫਤਰਾਂ, ਬੈਕਾਂ ਤੇ ਹੋਰ ਅਦਾਰਿਆਂ ਵਿਚ ਵੀ ਲਾਗੂ ਹੈ । ਆਪਣੀ ਵਾਰੀ ਦਾ ਟਿਕਟ ਮਸ਼ੀਨ ਚੋ ਕੱਢੋ ਤੇ ਅਰਾਮ ਨਾਲ ਪਰੇ ਬੈਠ ਕੇ ਵਾਰੀ ਦੀ ਇੰਤਜ਼ਾਰ ਕਰੋ । ਵੱਢੀ ਦਾ ਨਾਮੋ ਨਿਸ਼ਾਨ ਨਹੀਂ । ਬਹੁਤੀਆਂ ਹਾਲਤਾਂ ਚ ਕਿਸੇ ਦਫਤਰ ਜਾਣ ਦੀ ਲੋੜ ਹੀ ਨਹੀਂ ਪੈਂਦੀ, ਇਕ ਫੋਨ ਕਾਲ ਨਾਲ ਹੀ ਮਸਲੇ ਹੱਲ ਹੋ ਜਾਂਦੇ ਹਨ । ਸਰਕਾਰਾਂ ਪੂਰੀ ਜਿੰਮੇਵਾਰੀ ਨਾਲ ਕੰਮ ਕਰਦੀਆਂ ਹਨ, ਲੋਕ ਹਿਤਾਂ ਚ ਪਾਲਿਸੀਆਂ ਬਣਾਈਆਂ ਜਾਂਦੀਆਂ ਹਨ ਤੇ ਲਾਗੂ ਕੀਤੀਆਂ ਜਾਂਦੀਆਂ ਹਨ । ਸਿਟੀ ਕੌਸਲਾਂ ਆਪੋ ਆਪਣੇ ਸ਼ਹਿਰਾਂ ਦੀ ਸਫਾਈ ਅਤੇ ਸ਼ਹਿਰੀਆਂ ਦੀ ਸਹੂਲਤ ਦਾ ਖਾਸ ਖਿਆਲ ਰਖਦੀਆਂ ਹਨ । ਛੋਟੀਆਂ ਛੋਟੀਆਂ ਸ਼ਿਕਾਿੲਤਾਂ ਦਾ ਬਿਨਾਂ ਦੇਰੀ ਤੁਰੰਤ ਨਿਪਟਾਰਾ ਕੀਤਾ ਜਾਂਦਾ ਹੈ । ਰੁਜਗਾਰ ਲੱਭਣ ਚ ਮੱਦਦ ਤੇ ਬੇਰੁਜਗਾਰੀ ਦੀ ਹਾਲਤ ਚ ਖਰਚਾ ਦਿੱਤਾ ਜਾਂਦਾ ਹੈ । ਬੇਘਰਿਆਂ ਨੂੰ ਰਹਿਣ ਵਾਸਤੇ ਘਰ ਦਿੱਤੇ ਜਾਂਦੇ ਹਨ ਤੇ ਇਹ ਯਕੀਨੀ ਬਣਾਿੲਆ ਜਾਂਦਾ ਹੈ ਕਿ ਕੋਈ ਵੀ ਸ਼ਹਿਰੀ ਬਿਨਾ ਛੱਤ ਰਾਤ ਗੁਜ਼ਾਰਨ ਵਾਸਤੇ ਮਜਬੂਰ ਨਾ ਹੋਵੇ । ਪੁਲਿਸ ਮਹਿਕਮਾਂ ਲੋਕਸੇਵਕ ਹੈ, ਆਦਰ ਸਤਿਕਾਰ ਨਾਲ ਗੱਲ ਕਰਦੇ ਹਨ, ਲੋੜ ਪੈਣ ਤੇ ਮੱਦਦ ਵੀ ਕਰਦੇ ਹਨ । ਲੋਕ ਵੀ ਭਲੇ ਹਨ, ਇਮਾਨਦਾਰੀ ਨਾਲ ਟੈਕਸ ਅਦਾ ਕਰਦੇ ਹਨ, ਇਕ ਦੂਸਰੇ ਨਾਲ ਇਜ਼ਤ ਸਤਿਕਾਰ ਨਾਲ ਬੋਲਦੇ ਵਰਤਦੇ ਹਨ । ਹਾਂ, ਮਾੜੇ ਅਨਸਰ ਇਸ ਮੁਲਕ ਵਿੱਚ ਵੀ ਹਨ, ਪਰ ਸਰਕਾਰ ਤੇ ਪੁਲਿਸ ਇਮਾਨਦਾਰੀ ਇਹਨਾਂ ਅਨਸਰਾਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਹਮੇਸ਼ਾ ਹੀ ਕਰਦੀ ਰਹਿੰਦੀ ਹੈ । ਵਾਤਾਵਰਣ ਸ਼ੁੱਧ ਹੈ, ਸਿਹਤ ਸਹੂਲਤਾਂ ਆਹਲ ਦਰਜੇ ਦੀਆਂ ਨੇ, ਹੁਣ ਸੋਚੋ ! ਜੇਕਰ ਏਹੋ ਜਿਹਾ ਵਾਤਾਵਰਨ, ਮਨੁੱਖ ਧਰਤੀ ਦੇ ਹਰ ਕੋਨੇ ‘ਤੇ ਸਿਰਜ ਲਵੇ ਤਾਂ ਫੇਰ ਹੋਰ ਕਿਧਰੇ ਸਵਰਗ ਭਾਲਣ ਦੀ ਕੀ ਲੋੜ ਹੈ ।
– ਪੇਸ਼ਕਾਰ
ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
21/06/2020