ਬੈੱਡਫੋਰਡ(ਸਮਾਜ ਵੀਕਲੀ)- ਇੰਗਲੈਂਡ ਦੇ ਬਹੁਤ ਸਾਰੇ ਖੇਤਰ ਹੜ੍ਹਾਂ ਨਾਲ ਪ੍ਰਭਾਵਤ ਹੋਏ ਹਨ I ਬੁਰੀ ਤਰ੍ਹਾਂ ਪ੍ਰਭਾਵਤ ਇਲਾਕਿਆਂ ਵਿਚੋਂ ਇਕ ਬੈੱਡਫੋਰਡ ਹੈ ਜਿਥੇ ਓਜ਼ ਦਰਿਆ ਨੇ ਵੱਡਾ ਨੁਕਸਾਨ ਕੀਤਾ ਹੈ|
ਕ੍ਰਿਸਮਿਸ ਦੀ ਸ਼ਾਮ ਜੋ ਕਿ ਸਭ ਤੋਂ ਮਹੱਤਵਪੂਰਣ ਮੌਕਿਆਂ ਵਿਚੋਂ ਇਕ ਹੈ, 1300 ਤੋਂ ਵੱਧ ਪਰਿਵਾਰਾਂ ਨੂੰ ਆਪਣੇ ਘਰ ਖਾਲੀ ਕਰਨਾ ਪਿਆ I ਬੈੱਡਫੋਰਡ ਸਟੇਡੀਅਮ ਅਤੇ ਬਹੁਤ ਸਾਰੇ ਪਿੰਡ ਹਾਲ ਪਨਾਹ ਕੇਂਦਰਾਂ ਵਿੱਚ ਬਦਲ ਗਏ I
ਇਸ ਮੁਸ਼ਕਲ ਸਮੇਂ ਸੇਵਾ ਟਰੱਸਟ ਯੂਕੇ ਅਤੇ ਖਾਲਸਾ ਏਡ ਸਹਾਇਤਾ ਲਈ ਅੱਗੇ ਆਏ| ਸੇਵਾ ਟਰੱਸਟ ਵਾਲੰਟੀਅਰਾਂ ਨੇ ਬੈੱਡਫੋਰਡ ਅਤੇ ਨੇੜਲੇ ਪਿੰਡਾਂ ਵਿਚ ਲੋੜਵੰਦ ਪਰਿਵਾਰਾਂ ਨੂੰ ਭੋਜਨ ਵੰਡਿਆ |
ਖਾਲਸਾ ਏਡ ਵਾਲੰਟੀਅਰਾਂ ਨੇ 1000 ਰੇਤ ਦੀਆਂ ਥੈਲੀਆਂ ਵੰਡੀਆਂ ਅਤੇ ਹੜ੍ਹਾਂ ਦੀ ਰਾਹਤ ਕਾਰਜ ਵਿੱਚ ਐਮਰਜੈਂਸੀ ਸੇਵਾਵਾਂ ਵਿੱਚ ਸਹਾਇਤਾ ਕੀਤੀ।
ਸੇਵਾ ਟਰੱਸਟ ਦੇ ਚੇਅਰਮੈਨ ਚਰਨ ਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਹੜ੍ਹਾਂ ਨੇ ਵੱਡਾ ਨੁਕਸਾਨ ਕੀਤਾ ਹੈ, ਕ੍ਰਿਸਮਿਸ ਦੇ ਦਿਨ ਬਹੁਤ ਸਾਰੇ ਪਰਿਵਾਰਾਂ ਨੂੰ ਆਪਣਾ ਘਰ ਛੱਡਣਾ ਪਿਆ I ਉਨ੍ਹਾਂ ਨੂੰ ਭੋਜਨ ਅਤੇ ਪਨਾਹ ਦੀ ਜ਼ਰੂਰਤ ਸੀ I ਸਥਾਨਕ ਕੌਂਸਲ ਨੇ ਦੋ ਬਚਾਅ ਕੇਂਦਰ ਖੋਲ੍ਹੇ I ਜਿੱਥੇ ਖਾਲਸਾ ਏਡ ਨੇ ਐਮਰਜੈਂਸੀ ਹੜ੍ਹਾਂ ਦੀ ਟੀਮ ਨੂੰ ਸਹਾਇਤਾ ਦਿੱਤੀ, ਉਥੇ ਸੇਵਾ ਟਰੱਸਟ ਟੀਮ ਨੇ ਸਥਾਨਕ ਹੜ੍ਹ ਦੀਆਂ ਟੀਮਾਂ ਨਾਲ ਲੋੜਵੰਦ ਪਰਿਵਾਰਾਂ ਨੂੰ ਭੋਜਨ ਮੁਹੱਈਆ ਕਰਵਾਉਣ ਲਈ ਸੇਵਾ ਕੀਤੀ | ਇਹ ਸਾਡਾ ਫਰਜ਼ ਬਣਦਾ ਹੈ ਕਿ ਮੁਸ਼ਕਲ ਸਮਿਆਂ ਵਿੱਚ ਸਾਰੇ ਭਾਈਚਾਰਿਆਂ ਦੀ ਸਹਾਇਤਾ ਕਰੀਏ |
ਗੁਰੂ ਰਵਿਦਾਸ ਗੁਰਦੁਆਰਾ ਦੇ ਪ੍ਰਧਾਨ ਜਸਵਿੰਦਰ ਨਿਗਾਹ ਨੇ ਕਿਹਾ, ਕਿਸੇ ਵੀ ਲੋੜ ਦੇ ਅਨੁਸਾਰ ਅਸੀਂ ਆਪਣੇ ਕਮਿਨਿਟੀ ਹਾਲ ਵਿੱਚ ਲੋੜਵੰਦਾਂ ਪਰਿਵਾਰਾਂ ਨੂੰ ਭੋਜਨ ਅਤੇ ਮੁਫਤ ਰਿਹਾਇਸ਼ ਪ੍ਰਦਾਨ ਕਰਨ ਲਈ ਤਿਆਰ ਹਾਂ। ਅਸੀਂ ਇਸ ਬਾਰੇ ਕੌਂਸਲ ਨੂੰ ਦੱਸਿਆ ਹੈ ਅਤੇ ਜੇ ਕਿਸੇ ਨੂੰ ਗਰਮ ਭੋਜਨ ਦੀ ਜ਼ਰੂਰਤ ਹੁੰਦੀ ਹੈ ਤਾਂ ਅਸੀਂ ਪ੍ਰਦਾਨ ਕਰਾਂਗੇ |