ਲੰਡਨ, (ਸਮਾਜਵੀਕਲੀ)(ਰਾਜਵੀਰ ਸਮਰਾ)- ਕੋਵਿਡ-19 ਦੇ ਪੁਖਤਾ ਇਲਾਜ ਲਈ ਸਾਰੇ ਦੇਸ਼ਾਂ ਦੀਆਂ ਲੈਬਜ਼ ਕਿਰਿਆਸ਼ੀਲ ਹਨ। ਭਾਰਤ ਵਿਚ ਵੀ ਤਿੰਨ ਅਹਿਮ ਸਰਕਾਰੀ ਸੋਧ ਸੰਸਥਾਵਾਂ ਇਸ ‘ਤੇ ਕੰਮ ਕਰ ਰਹੀਆਂ ਹਨ। ਚੀਨ ਵਿਚ ਹਿਊਮਨ ਟੈਸਟਿੰਗ ਸ਼ੁਰੂ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਅਮਰੀਕਾ ਵਿਚ ਵੀ ਕੋਰੋਨਾ ਇਲਾਜ ਲਈ ਟੀਕਾ ਬਣਾਉਣ ਵਿਚ ਮਾਹਰ ਲੱਗੇ ਹੋਏ ਹਨ। ਬ੍ਰਿਟੇਨ ਨੇ ਤਾਂ ਪੂਰਾ ਟਾਸਕ ਫੋਰਸ ਹੀ ਲਗਾ ਦਿੱਤਾ ਹੈ। ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਜਾਨਵਰਾਂ ‘ਤੇ ਕੋਰੋਨਾ ਦਾ ਕੀ ਅਸਰ ਹੈ। ਹਾਲਾਂਕਿ ਵੁਹਾਨ ਤੋਂ ਲੈ ਕੇ ਇੰਗਲੈਂਡ ਤੱਕ ਦੀਆਂ ਲੈਬਜ਼ ਟੀਕਾ ਬਣਾਉਣ ਵਿਚ ਲੱਗੀਆਂ ਹੋਈਆਂ ਹਨ।
ਇਸ ਤੋਂ ਪਹਿਲਾਂ ਈਬੋਲਾ ਦਾ ਟੀਕਾ ਪੰਜ ਸਾਲ ਦੀ ਰਿਸਰਚ ਮਗਰੋਂ ਬਣਿਆ ਸੀ। ਇਸ ਵਾਰ ਸਾਰੀ ਦੁਨੀਆ ਬੁਰੀ ਸਥਿਤੀ ਵਿਚੋਂ ਲੰਘ ਰਹੀ ਹੈ। ਦੋ ਸਾਲ ਦੇ ਕਲੀਨੀਕਲ ਟਰਾਇਲ ਨੂੰ ਦੋ ਮਹੀਨਿਆਂ ਵਿਚ ਪੂਰਾ ਕਰਨ ਲਈ ਤਿਆਰੀਆਂ ਹੋ ਰਹੀਆਂ ਹਨ। ਇੰਗਲੈਂਡ ਦੀਆਂ 21 ਲੈਬਜ਼ ਵਿਚ ਨਵੇਂ ਰਿਸਰਚ ਪ੍ਰੋਜੈਕਟ ਸ਼ੁਰੂ ਕਰ ਦਿੱਤੇ ਗਏ ਹਨ। ਇਸ ਲਈ ਇੰਗਲੈਂਡ ਦੀ ਸਰਕਾਰ ਨੇ 104 ਕਰੋੜ ਪੌਂਡ ਦੀ ਰਾਸ਼ੀ ਮੁਹੱਈਆ ਕਰਵਾਈ ਹੈ। ਆਕਸਫੋਰਡ ਯੂਨੀਵਰਸਿਟੀ ਵਿਚ 10 ਲੱਖ ਟੀਕਿਆਂ ਦੀ ਡੋਜ਼ ਬਣਾਉਣ ਦੀ ਤਿਆਰੀ ਚੱਲ ਰਹੀ ਹੈ। ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਖੁਦ ਕੋਵਿਡ-19 ਦੇ ਸ਼ਿਕਾਰ ਹੋ ਚੁੱਕੇ ਹਨ ਤੇ ਹੁਣ ਸਿਹਤਯਾਬ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਟੀਕਾ ਬਣਾਉਣ ਲਈ ਤੈਅ ਪ੍ਰੋਟੋਕੋਲ ਤੋਂ ਪਹਿਲਾਂ ਹੀ ਇਸ ਦੀ ਹਿਊਮਨ ਟੈਸਟਿੰਗ ਦੀ ਤਿਆਰੀ ਚੱਲ ਰਹੀ ਹੈ। ਜਾਣਕਾਰਾਂ ਮੁਤਾਬਕ ਖੁਦ ਆਕਸਫੋਰਡ ਦੇ ਰਿਸਰਚਰਜ਼ ਨੂੰ ਪਤਾ ਨਹੀਂ ਕਿ ਟੀਕਾ ਕਿੰਨਾ ਕੁ ਕਾਰਗਰ ਹੋਵੇਗਾ। ਆਕਸਫੋਰਡ ਯੂਨੀਵਰਸਿਟੀ ਵਿਚ ਜੇਨਰ ਇੰਸਟੀਚਿਊਟ ਦੇ ਪ੍ਰੋਫੈਸਰ ਆਡਰੀਅਨ ਹਿਲ ਕਹਿੰਦੇ ਹਨ ਕਿ ਅਸੀਂ ਕਿਸੇ ਵੀ ਕੀਮਤ ‘ਤੇ ਸਤੰਬਰ ਤੱਕ 10 ਲੱਖ ਡੋਜ਼ ਤਿਆਰ ਕਰਨਾ ਚਾਹੁੰਦੇ ਹਾਂ। ਇਕ ਵਾਰ ਟੀਕੇ ਦੀ ਸਮਰੱਥਾ ਦਾ ਪਤਾ ਲੱਗ ਜਾਵੇ ਤਾਂ ਉਸ ਨੂੰ ਵਧਾਉਣ ‘ਤੇ ਬਾਅਦ ਵਿਚ ਕੰਮ ਹੋ ਸਕਦਾ ਹੈ। ਇਹ ਸਪੱਸ਼ਟ ਹੈ ਕਿ ਪੂਰੀ ਦੁਨੀਆ ਨੂੰ ਕਰੋੜਾਂ ਡੋਜ਼ ਦੀ ਜ਼ਰੂਰਤ ਪੈਣ ਵਾਲੀ ਹੈ। ਫਿਲਹਾਲ ਤਾਂ ਸੋਸ਼ਲ ਡਿਸਟੈਂਸਿੰਗ ਹੀ ਇਸ ਦਾ ਹੱਲ ਹੈ। ਡਬਲਿਊ. ਐੱਚ. ਓ. ਦਾ ਪ੍ਰੋਟੋਕਾਲ ਆਮ ਤੌਰ ‘ਤੇ ਟੀਕਾ ਤਿਆਰ ਕਰਨ ਦਾ ਪ੍ਰੋਟੋਕਾਲ 12 ਤੋਂ 18 ਮਹੀਨਿਆਂ ਤੱਕ ਹੁੰਦਾ ਹੈ। ਵਿਸ਼ਵ ਸਿਹਤ ਸੰਗਠਨ ਦੀ ਗਾਈਡਲਾਈਨ ਵੀ ਇਹ ਹੀ ਕਹਿੰਦੀ ਹੈ। ਬ੍ਰਿਟੇਨ ਦੇ ਚੀਫ ਮੈਡੀਕਲ ਐਡਵਾਇਜ਼ਰ ਕ੍ਰਿਸ ਵ੍ਹਿਟੀ ਕਹਿੰਦੇ ਹਨ ਕਿ ਸਾਡੇ ਦੇਸ਼ ਵਿਚ ਦੁਨੀਆ ਦੇ ਮਸ਼ਹੂਰ ਟੀਕਾ ਮਾਹਰ ਹਨ ਤੇ ਕੋਰੋਨਾ ਦਾ ਤੋੜ ਲੱਭਣ ਲਈ ਕੋਸ਼ਿਸ਼ਾਂ ਜਾਰੀ ਹਨ।