(ਸਮਾਜ ਵੀਕਲੀ)
“ਸਾਡੀਆਂ ਸਿਦਕਾਂ ਦੀ ਆਸ ਸਿਰ ਲੈਕੇ ਤੁਰੇ ਹਾਂ,
ਜਦੋਂ ਵੀ ਮੁੜੇ ਹਾਂ, ਜੰਗ ਜਿੱਤ ਮੁੜੇ ਹਾਂ;
ਮਾਛੀਵਾੜੇ,ਖਿਦਰਾਣਿਆ ਦੇ ਇਤਿਹਾਸ ਤੈਨੂੰ ਪਤਾ ਨਾਂ,
ਅਸੀਂ ਕੱਲੇ-ਕੱਲੇ ਸਿੰਘ ਸਵਾ ਲੱਖ ਨਾਲ ਲੜੇ ਹਾਂ;
ਤੇਰੇ ਲੋਹਿਆਂ ਦੇ ਜਾਲ਼,ਦੱਸ ਤੂਫ਼ਾਨਾਂ ਨੂੰ ਕਿਵੇਂ ਝੰਬਣਗੇ,
ਸਾਡੀ ਹਿੱਕ,ਸਾਡੇ ਸਬਰਾਂ ਦਾ ਲਾਵਾ ਹੁਣ ਫੁੱਟਿਆ,
ਤੇਰੇ ਤਖ਼ਤ, ਤੇਰੇ ਲਾਲ ਕਿਲ੍ਹੇ ਵੀ ਕੰਬਣਗੇ,
ਲੱਖ ਚਾਲਾਂ ਭਾਵੇਂ ਚੱਲ ਦਿੱਲ੍ਹੀਏ,ਇਹ ਘੋਲ਼ ਕਦੇ ਨਾਂ ਥੰਮਣਗੇ…;
ਸਿਰ ਉੱਤੇ ਓਟ ‘ੴ’ ਸਾਡੇ ਉਸ ਦਰੇਵਸ਼ ਬਾਦਸ਼ਾਹ ਦੀ,
ਜੀਹਨੇ ਖ਼ਾਲਸਾ ਸਜਾਇਆ,ਉਸ ਦਸ਼ਮੇਸ਼ ਪਾਤਸ਼ਾਹ ਦੀ;
ਅਸੀਂ ਹੀਰ ਨਹੀਉਂ ਪੜ੍ਹੀ,ਪੜ੍ਹਿਆ ਏ ‘ਕਰਤਾਰ’,
ਸਾਡੇ ਖੂਨ ਵਿੱਚ ਦੌੜੇ ਭਗਤ ਸਿੰਘ ਸਰਦਾਰ;
ਅਸੀਂ ਧਰਤੀ ਦੇ ਪੁੱਤ,ਅੱਤਵਾਦੀ ਨਹੀਂ ਕੋਈ,
ਇਹ ਹਕੂਕ ਦਾ ਏ ਯੁੱਧ,ਅਸੀਂ ਜਿਹਾਦੀ ਨਹੀਂ ਕੋਈ;
ਤੂੰ ਜਿੰਨ੍ਹਾਂ ਸਾਡੇ ਸਬਰਾਂ ਨੂੰ ਪਰਖਣਾ, ਇਹ ਦੂਣੇ ਹੋ ਹੋ ਗੱਜਣਗੇ,
ਸਾਡੀ ਹਿੱਕ,ਸਾਡੇ ਸਬਰ ਦਾ ਲਾਵਾ ਹੁਣ ਫੁੱਟਿਆ,
ਤੇਰੇ ਤਖ਼ਤ, ਤੇਰੇ ਲਾਲ ਕਿਲ੍ਹੇ ਵੀ ਕੰਬਣਗੇ,
ਲੱਖ ਚਾਲਾਂ ਭਾਵੇਂ ਚੱਲ ਦਿੱਲ੍ਹੀਏ,ਇਹ ਘੋਲ਼ ਕਦੇ ਨਾਂ ਥੰਮਣਗੇ…;
ਤੈਨੂੰ ਭੁੱਲ ਗਿਆ ਸ਼ਾਇਦ ਸਾਡਾ ਕੀ ਏ ਇਤਿਹਾਸ,
ਅਸੀਂ ਖ਼ਾਲਸੇ ਦੇ ਪੁੱਤ,ਸਾਡਾ ਰੂਪ ਹੈ ਖ਼ਾਸ;
ਸਾਡੇ ਪੈਰ ਬੇੜੀਆਂ ਜੋ ਪਾਈਆਂ,ਅਸੀਂ ਆਏ ਹਾਂ ਉਹ ਤੋੜ,
ਰੱਖ ਧੌਣ ਉੱਤੇ ਗੋਡਾ, ਤੇਰੀ ਧੌਣ ਦੇਣੀ ਮਰੋੜ;
ਸਾਡੇ ਜਜ਼ਬੇ ਨੂੰ ਵੇਖ,ਨਾਂ ਸਾਡੇ ਸਬਰਾਂ ਨੂੰ ਅਜ਼ਮਾ,
ਜੇ ਤੈਨੂੰ ਏਨਾ ਹੀ ਏ ਦਿੱਲ੍ਹੀਏ ਨੀਂ ਖ਼ੂਨ ਚੂਸਣੇ ਦਾ ਚਾਅ;
ਤੂੰ ਆਪਣੇ ਤੀਰ ਅਜ਼ਮਾ ਲਈਂ, ਅਸੀਂ ਹਿੱਕਾਂ ਅਜ਼ਮਾਵਾਂਗੇ,
ਪਰ! ਸ਼ਰਤ ਰਹੀ,ਤੇਰੇ ਪੈਰੀਂ ਝਾਂਜਰ ਪਾਕੇ ਨਚਾਵਾਂਗੇ;
ਤੇਰੇ ਖ਼ੈਬਰ ਦੇ ਇਸ ਮੈਦਾਨ ਨੂੰ ਵੀ ਫ਼ਤਹਿ ਕਰਕੇ ਜਾਵਾਂਗੇ,
ਇੰਨ੍ਹਾਂ ਤੀਰਾਂ ‘ਛਾਵੇਂ ਹੀ ਤਾਂ, ਨਿੱਤ ਨਵੇਂ ਯੋਧੇ ਜੰਮਣਗੇ,
ਸਾਡੀ ਹਿੱਕ,ਸਾਡੇ ਸਬਰ ਦਾ ਲਾਵਾ ਹੁਣ ਫੁੱਟਿਆ,
ਤੇਰੇ ਤਖ਼ਤ, ਤੇਰੇ ਲਾਲ ਕਿਲ੍ਹੇ ਵੀ ਕੰਬਣਗੇ,
ਲੱਖ ਚਾਲਾਂ ਭਾਵੇਂ ਚੱਲ ਦਿੱਲ੍ਹੀਏ,ਇਹ ਘੋਲ਼ ਕਦੇ ਨਾਂ ਥੰਮਣਗੇ…!!”
ਹਰਕਮਲ ਧਾਲੀਵਾਲ
ਸੰਪਰਕ:- 8437403720