ਇਸਰੋ ਨੇ ਬੁੱਧਵਾਰ ਨੂੰ ਧਰਤੀ ’ਤੇ ਨਜ਼ਰ ਰੱਖਣ ਵਾਲੇ ਸੈਟੇਲਾਈਟ ਰਿਸੈਟ-2ਬੀਆਰ1 ਨੂੰ ਸਫ਼ਲਤਾਪੂਰਬਕ ਦਾਗ ਦਿੱਤਾ ਹੈ। ਇਸ ਦੇ ਨਾਲ 9 ਹੋਰ ਵਿਦੇਸ਼ੀ ਕਮਰਸ਼ੀਅਲ ਸੈਟੇਲਾਈਟ ਵੀ ਭੇਜੇ ਗਏ ਹਨ। ਰਿਸੈਟ-2ਬੀਆਰ1 ਨੂੰ ਦਾਗੇ ਜਾਣ ਦੇ ਕਰੀਬ 16 ਮਿੰਟਾਂ ਬਾਅਦ ਇਹ ਆਪਣੇ ਪੰਧ ’ਚ ਸਥਾਪਤ ਹੋ ਗਿਆ ਜਦਕਿ ਬਾਕੀ ਦੇ ਸੈਟੇਲਾਈਟ ਨੂੰ ਕਰੀਬ ਪੰਜ ਮਿੰਟ ਬਾਅਦ ਉਨ੍ਹਾਂ ਦੇ ਪੰਧਾਂ ’ਤੇ ਪਾਇਆ ਗਿਆ। ਰੀਸੈਟ-2ਬੀਆਰ1 ਫ਼ੌਜੀ ਮਕਸਦਾਂ ਲਈ ਵਰਤੇ ਜਾਣ ਤੋਂ ਇਲਾਵਾ ਖੇਤੀਬਾੜੀ, ਜੰਗਲਾਤ ਅਤੇ ਆਫ਼ਤ ਪ੍ਰਬੰਧਨ ਲਈ ਵੀ ਸਹਾਈ ਹੋਵੇਗਾ। ਜਦੋਂ ਸਾਰੇ 10 ਸੈਟੇਲਾਈਟ ਸਫ਼ਲਤਾਪੂਰਬਕ ਲਾਂਚ ਹੋ ਗਏ ਤਾਂ ਇਸਰੋ ਦੇ ਚੇਅਰਮੈਨ ਕੇ ਸ਼ਿਵਨ ਅਤੇ ਹੋਰ ਵਿਗਿਆਨੀਆਂ ਨੇ ਇਕ-ਦੂਜੇ ਨੂੰ ਵਧਾਈਆਂ ਦਿੱਤੀਆਂ। ਮਿਸ਼ਨ ਕੰਟਰੋਲ ਸੈਂਟਰ ਤੋਂ ਸ਼ਿਵਨ ਨੇ ਕਿਹਾ ਕਿ ਅੱਜ ਦਾ ਮਿਸ਼ਨ ‘ਇਤਿਹਾਸਕ’ ਸੀ ਕਿਉਂਕਿ ਪੀਐੱਸਐੱਲਵੀ ਦੀ ਇਹ 50ਵੀਂ ਉਡਾਣ ਸੀ। ਉਨ੍ਹਾਂ ਕਿਹਾ ਕਿ ਰੀਸੈਟ-ਬੀਆਰ1 ਗੁੰਝਲਦਾਰ ਸੈਟੇਲਾਈਟ ਸੀ ਪਰ ਇਸ ਨੂੰ ਥੋੜ੍ਹੇ ਸਮੇਂ ’ਚ ਤਿਆਰ ਕੀਤਾ ਗਿਆ ਸੀ। ਅਮਰੀਕਾ ਦੇ ਛੇ ਅਤੇ ਇਸਰਾਈਲ, ਇਟਲੀ ਅਤੇ ਜਪਾਨ ਦੇ ਇਕ-ਇਕ ਸੈਟੇਲਾਈਟ ਨੂੰ ਵੀ ਦਾਗਿਆ ਗਿਆ ਹੈ। ਪੀਐੱਸਐੱਲਵੀ ਸਤੰਬਰ 1993 ਤੋਂ ਲੈ ਕੇ ਹੁਣ ਤੱਕ ਕਰੀਬ 310 ਵਿਦੇਸ਼ੀ ਸੈਟੇਲਾਈਟ ਦਾਗ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਇਸਰੋ ਦੇ 50 ਮਿਸ਼ਨਾਂ ’ਚੋਂ 48 ਸਫ਼ਲ ਰਹੇ ਹਨ।
HOME ਇਸਰੋ ਵੱਲੋਂ ਧਰਤੀ ’ਤੇ ਨਜ਼ਰ ਰੱਖਣ ਵਾਲਾ ਸੈਟੇਲਾਈਟ ਲਾਂਚ