ਇਸਰੋ ਦੇ ਉੱਘੇ ਵਿਗਿਆਨੀ ਦਾ ਦਾਅਵਾ: ਮੈਨੂੰ ਰਾਹ ਵਿਚੋਂ ਹਟਾਉਣ ਲਈ ਜ਼ਹਿਰ ਦਿੱਤਾ ਗਿਆ

ਬੰਗਲੌਰ (ਸਮਾਜ ਵੀਕਲੀ) : ਇਸਰੋ ਦੇ ਉੱਘੇ ਵਿਗਿਆਨੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਹੈ ਕਿ ਉਸ ਨੂੰ ਤਿੰਨ ਸਾਲ ਪਹਿਲਾਂ ਜ਼ਹਿਰ ਦਿੱਤੀ ਗਈ ਸੀ। ਤਪਾਨ ਮਿਸ਼ਰਾ ਨੇ ਦੋਸ਼ ਲਾਇਆ ਕਿ ਉਸ ਨੂੰ 23 ਮਈ 2017 ਨੂੰ ਇਸਰੋ ਦੇ ਮੁੱਖ ਦਫ਼ਤਰ ਵਿਖੇ ਪ੍ਰਮੋਸ਼ਨ ਇੰਟਰਵਿਊ ਦੌਰਾਨ ਜਾਨਲੇਵਾ ਆਰਸੈਨਿਕ ਟ੍ਰਾਈਆਕਸਾਈਡ ਜ਼ਹਿਰ ਦਿੱਤਾ ਗਿਆ ਸੀ। ਉਸ ਨੇ ਕਿਹਾ ਕਿ ਦੁਪਹਿਰ ਦੇ ਖਾਣੇ ਦੇ ਬਾਅਦ ਸਨੈਕਸਾਂ ਵਿੱਚ ਡੋਸਾ ਤੇ ਚਟਨੀ ਦੇ ਨਾਲ ਜ਼ਹਿਰ ਦੀ ਇਹ ਘਾਤਕ ਖੁਰਾਕ ਉਸ ਨੂੰ ਦਿੱਤੀ ਗਈ। ਮਿਸ਼ਰਾ ਇਸ ਸਮੇਂ ਇਸਰੋ ਵਿਖੇ ਸੀਨੀਅਰ ਸਲਾਹਕਾਰ ਹਨ। ਇਸ ਤੋਂ ਪਹਿਲਾਂ ਉਹ ਅਹਿਮਦਾਬਾਦ ਸਥਿਤ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਪੇਸ ਐਪਲੀਕੇਸ਼ਨ ਸੈਂਟਰ ਦੇ ਡਾਇਰੈਕਟਰ ਸਨ। ‘ਲੌਂਗ ਕੈਪਟ ਸੀਕ੍ਰੇਟ’ ਸਿਰਲੇਖ ਵਾਲੀ ਫੇਸਬੁੱਕ ਪੋਸਟ ਵਿੱਚ ਮਿਸ਼ਰਾ ਨੇ ਅੱਗੇ ਦਾਅਵਾ ਕੀਤਾ ਕਿ ਜੁਲਾਈ 2017 ਵਿੱਚ ਗ੍ਰਹਿ ਮਾਮਲਿਆਂ ਦੇ ਸੁਰੱਖਿਆ ਕਰਮਚਾਰੀ ਉਨ੍ਹਾਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਆਰਸੈਨਿਕ ਜ਼ਹਿਰ ਬਾਰੇ ਜਾਣਕਾਰੀ ਦਿੱਤੀ ਤੇ ਡਾਕਟਰਾਂ ਨੂੰ ਇਸ ਪਾਸੇ ਇਲਾਜ ਕਰਨ ਲਈ ਕਿਹਾ। ਮਿਸ਼ਰਾ ਨੇ ਦਾਅਵਾ ਕੀਤਾ ਕਿ ਉਹ ਜ਼ਹਿਰ ਕਾਰਨ ਸਿਹਤ ਨਾਲ ਸਬੰਧਤ ਸਮੱਸਿਆਵਾਂ ਨਾਲ ਘਿਰ ਗਏ ਸਨ।

ਉਨ੍ਹਾਂ ਨੂੰ ਸਾਹ ਲੈਣ ਵਿੱਚ ਗੰਭੀਰ ਮੁਸ਼ਕਲ, ਚਮੜੀ ਰੋਗ ਲੱਗ ਗਏ ਸਨ। ਉਸ ਨੇ ਇਹ ਦਾਅਵਾ ਕਰਨ ਲਈ ਮੈਡੀਕਲ ਰਿਪੋਰਟ ਵੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਕੀਤੀ ਕਿ ਉਸ ਦੇ ਸਰੀਰ ਵਿੱਚ ਏਮਜ਼ ਨਵੀਂ ਦਿੱਲੀ ਨੇ ਆਰਸੈਨਿਕ ਜ਼ਹਿਰ ਦਾ ਪਤਾ ਲਗਾਇਆ ਸੀ। ਉਸ ਨੇ ਕਿਹਾ ਕਿ ਮਾਮਲਾ ਜਾਸੂਸੀ ਦਾ ਜਾਪਦਾ ਹੈ ਤੇ ਜ਼ਹਿਰ ਦੇ ਕੇ ਉਸ ਨੂੰ ਰਾਹ ਵਿੱਚੋਂ ਹਟਾਉਣ ਦੀ ਸਾਜ਼ਿਸ਼ ਸੀ। ਮਿਸ਼ਰਾ ਨੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਭਾਰਤ ਸਰਕਾਰ ਇਸ ਦੀ ਜਾਂਚ ਕਰੇ।” ਮਿਸ਼ਰਾ ਦੇ ਦਾਅਵਿਆਂ ‘ਤੇ ਇਸਰੋ ਵਲੋਂ ਕੋਈ ਤੁਰੰਤ ਜਵਾਬ ਨਹੀਂ ਆਇਆ।

Previous articleਤੀਕਸ਼ਣ ਸੂਦ ਦੇ ਘਰ ਅੱਗੇ ਗੋਹਾ ਸੁੱਟਣ ਵਾਲਿਆਂ ’ਤੇ ਲਗਾਈ ਧਾਰਾ 307 ਹਟਾਈ
Next articleਅਮਰੀਕਾ: ਵਿਸਕੌਨਸਿਨ ਰਾਜ ਅਸੈਂਬਲੀ ਦੇ ਸਪੀਕਰ ਨੇ ਭਾਰਤੀ ਕਿਸਾਨ ਸੰਘਰਸ਼ ਦਾ ਸਮਰਥਨ ਕੀਤਾ