ਨਵੀਂ ਦਿੱਲੀ (ਸਮਾਜ ਵੀਕਲੀ): ਐੱਨਐੱਫਆਈਡਬਲਿਊ, ਪ੍ਰਗਤੀਸ਼ੀਲ ਮਹਿਲਾ ਸੰਗਠਨ ਤੇ ਅਨਹਦ ਸੰਸਥਾ ਦੇ ਸਾਂਝੇ ਇਸਤਰੀ ਵਫ਼ਦ ਵੱਲੋਂ ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਪਿੰਡ ਬੁਲਗੜ੍ਹੀ ਦਾ ਸੋਮਵਾਰ ਨੂੰ ਦੌਰਾ ਕੀਤਾ ਗਿਆ। ਵਫ਼ਦ ਉੱਥੇ 4 ਘੰਟੇ ਦੇ ਕਰੀਬ ਰਿਹਾ ਤੇ ਇਸ ਦੌਰਾਨ ਜਬਰ-ਜਨਾਹ ਪੀੜਤਾ ਦੇ ਪਰਿਵਾਰਕ ਮੈਂਬਰਾਂ ਨਾਲ ਤਫ਼ਸੀਲ ਵਿੱਚ ਗੱਲਬਾਤ ਕੀਤੀ ਗਈ। ਉਨ੍ਹਾਂ ਮੌਕੇ ਤੋਂ ਇਕੱਤਰ ਕੀਤੇ ਤੱਥਾਂ ਦੇ ਆਧਾਰ ’ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਨੂੰ ਅਹੁਦੇ ਤੋਂ ਬਰਖ਼ਾਸਤ ਕਰਨ ਸਮੇਤ ਜ਼ਿਲ੍ਹੇ ਦੇ ਲੋਕ ਨੁਮਾਇੰਦਿਆਂ ਤੇ ਪ੍ਰਸ਼ਾਸਨਿਕ ਅਧਿਕਾਰੀ ਦੀ ਭੂਮਿਕਾ ਦੀ ਵੀ ਜਾਂਚ ਮੰਗੀ। ਵਫ਼ਦ ਵਿੱਚ ਐਨੀ ਡੀ. ਰਾਜਾ, ਪੂਨਮ ਕੌਸ਼ਿਕ ਤੇ ਸ਼ਬਨਮ ਹਾਸ਼ਮੀ ਸ਼ਾਮਲ ਸਨ।