ਇਸ਼ਤਿਹਾਰਬਾਜ਼ੀ ਨੂੰ ਹੀ ਸਮਰਪਿਤ ਰਹੇ ਮੋਦੀ ਦੇ ਪੰਜ ਸਾਲ: ਪ੍ਰਿਯੰਕਾ

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜ ਸਾਲ ਸਿਰਫ਼ ‘ਇਸ਼ਤਿਹਾਰਬਾਜ਼ੀ ਤੇ ਪ੍ਰਚਾਰ ਮੁਹਿੰਮ’ ਨੂੰ ਹੀ ਸਮਰਪਿਤ ਰਹੇ ਹਨ ਤੇ ਉਨ੍ਹਾਂ ਕੰਮ ਇਕ ਵੀ ਨਹੀਂ ਕੀਤਾ ਗਿਆ। ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਮੋਦੀ ਉੱਤਰ ਪ੍ਰਦੇਸ਼ ਦੇ ਆਪਣੇ ਵਾਰਾਨਸੀ ਹਲਕੇ ’ਚ ਗਰੀਬਾਂ ਦੇ ਦੁੱਖ ਸੁਣਨ ਲਈ ‘ਪੰਜ ਮਿੰਟ ਵੀ ਨਹੀਂ ਕੱਢ ਸਕੇ’। ਪ੍ਰਿਯੰਕਾ ਨੇ ਕਿਹਾ ਕਿ ਮੋਦੀ ‘ਤਪੱਸਿਆ’ (ਸਖ਼ਤ ਮਿਹਨਤ) ਕਰਨ ਦੀ ਗੱਲ ਕਰ ਰਹੇ ਹਨ ਜਦਕਿ ਤਪ ਤਾਂ ਹੰਕਾਰ ਨੂੰ ਮਾਰਦਾ ਹੈ ਪਰ ਇਸ ਦੇ ਉਲਟ ਮੋਦੀ ਸਰਕਾਰ ਦਾ ਹੰਕਾਰ ਆਸਮਾਨ ਛੂਹ ਰਿਹਾ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਆਮ ਤੌਰ ’ਤੇ ਸਿਆਸੀ ਨੇਤਾਵਾਂ ਨੂੰ ਪ੍ਰਚਾਰ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਤੇ ਇਨ੍ਹਾਂ ਦੇ ਹੱਲ ਬਾਰੇ ਗੱਲ ਕਰਨੀ ਚਾਹੀਦੀ ਹੈ ਪਰ ਮੋਦੀ ਸਰਕਾਰ ’ਚ ਪਿਛਲੇ ਪੰਜ ਸਾਲਾਂ ਤੋਂ ਸਿਰਫ਼ ਫ਼ੋਕੇ ਪ੍ਰਚਾਰ ਦਾ ਸਿਲਸਿਲਾ ਚੱਲ ਰਿਹਾ ਹੈ, ਅਮਲੀ ਤੌਰ ’ਤੇ ਕੁਝ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ‘ਤਪੱਸਵੀ’ ਪ੍ਰਧਾਨ ਮੰਤਰੀ ਨਾ ਤਾਂ ਕਿਸਾਨਾਂ ਤੇ ਹਿੱਤਾਂ ਦੀ ਰਾਖੀ ਕਰ ਸਕਿਆ ਤੇ ਨਾ ਹੀ ਬੇਰੁਜ਼ਗਾਰੀ ਮਿਟਾ ਸਕਿਆ। ਉਨ੍ਹਾਂ ਕਿਹਾ ਕਿ ਮੋਦੀ ਰਾਜ ’ਚ ਲੋਕਤੰਤਰ ਖ਼ਤਰੇ ਵਿਚ ਹੈ। ਇਸ ਤੋਂ ਪਹਿਲਾਂ ਪ੍ਰਿਯੰਕਾ ਉਜੈਨ ਦੇ ਮਹਾਕਲੇਸ਼ਵਰ ਮੰਦਰ ’ਚ ਨਤਮਸਤਕ ਹੋਈ ਤੇ ਇਕ ਰੋਡ ਸ਼ੋਅ ਵੀ ਕੀਤਾ। ਮੱਧ ਪ੍ਰਦੇਸ਼ ਵਿਚ ਚੌਥੇ ਤੇ ਆਖ਼ਰੀ ਗੇੜ ਲਈ ਚੋਣ ਪ੍ਰਚਾਰ ਚੱਲ ਰਿਹਾ ਹੈ। ਇੰਦੌਰ ਵਿਚ ਕੀਤੇ ਰੋਡ ਸ਼ੋਅ ਦੌਰਾਨ ਪ੍ਰਿਯੰਕਾ ਨਾਲ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਵੀ ਸਨ।

Previous articleਹਰਸਿਮਰਤ ਵਲੋਂ ਚੋਣ ਕਮਿਸ਼ਨ ਤੋਂ ਐੱਸਐੱਸਪੀ ਦੇ ਤਬਾਦਲੇ ਦੀ ਮੰਗ
Next articleਲੋਕ ਨੇ ਮੇਰੇ ਢਾਈ ਕਿੱਲੋ ਦੇ ਹੱਥ ਦੀ ਤਾਕਤ: ਸਨੀ ਦਿਓਲ