ਫਗਵਾੜਾ- ਕੱਲ੍ਹ ਇੱਥੋਂ ਦੇ ਮੁਹੱਲਾ ਮਨਸਾ ਦੇਵੀ ਦੇ ਇੱਕ 6 ਸਾਲਾ ਲੜਕੇ ਦੀ ਇਲਾਜ ਦੌਰਾਨ ਇੱਕ ਪ੍ਰਾਈਵੇਟ ਹਸਪਤਾਲ ’ਚ ਹੋਈ ਮੌਤ ਦਾ ਮਾਮਲਾ ਅੱਜ ਪੁਲੀਸ ਤੇ ਪ੍ਰਸ਼ਾਸਨ ਲਈ ਵੱਡੀ ਸਿਰਦਰਦੀ ਬਣਿਆ ਰਿਹਾ ਅਤੇ ਅੱਜ ਕਰੀਬ 24 ਘੰਟੇ ਬੀਤਣ ਜਾਣ ਦੇ ਬਾਅਦ ਸ਼ਾਮ ਨੂੰ ਮ੍ਰਿਤਕ ਦਾ ਅੰਤਿਮ ਸੰਸਕਾਰ ਹਦੀਆਬਾਦ ਦੇ ਸ਼ਮਸ਼ਾਨਘਾਟ ਵਿੱੱਚ ਕਰ ਦਿੱਤਾ ਗਿਆ। ਮ੍ਰਿਤਕ ਹਰਮਿੰਦਰ ਸਿੰਘ (6) ਦੀ ਲਾਸ਼ ਕੱਲ੍ਹ ਸ਼ਾਮ ਪੁਲੀਸ ਨੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਲਿਆਂਦੀ ਸੀ ਮ੍ਰਿਤਕ ਦੇ ਵਾਰਿਸ ਮੰਗ ਕਰ ਰਹੇ ਸਨ ਕਿ ਹਸਪਤਾਲ ਨੂੰ ਸੀਲ ਕੀਤਾ ਜਾਵੇ ਅਤੇ ਡਾਕਟਰ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ ਅਤੇ ਪੋਸਟ ਮਾਰਟਮ ਦੀ ਵੀਡਿਓਗ੍ਰਾਫ਼ੀ ਕਰਵਾਈ ਜਾਵੇ। ਸਥਿਤੀ ਨੂੰ ਦੇਖਦੇ ਹੋਏ ਐੱਸਡੀਐਮ ਡਾ. ਸੁਮਿਤ ਮੁੱਧ ਮੌਕੇ ’ਤੇ ਪੁੱਜ ਕੇ ਮ੍ਰਿਤਕ ਪਰਿਵਾਰ ਨਾਲ ਦੁੱਖ ਪ੍ਰਗਟਾਇਆ ਅਤੇ ਇਨਸਾਫ਼ ਦਾ ਭਰੋਸਾ ਦਿੱਤਾ। ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਐੱਸ.ਐੱਚ.ਓ ਸਿਟੀ ਜਤਿੰਦਰਜੀਤ ਸਿੰਘ ਦੀ ਅਗਵਾਈ ’ਚ ਪੁਲੀਸ ਵੱਲੋਂ ਹਸਪਤਾਲ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਐੱਸਡੀਐਮ ਨੇ ਡਿਪਟੀ ਕਮਿਸ਼ਨਰ ਨਾਲ ਸੰਪਰਕ ਕਰ ਕੇ ਇਸ ਮਾਮਲੇ ਦੀ ਜਾਂਚ 15 ਦਿਨਾਂ ਦੇ ਅੰਦਰ ਮੁਕੰਮਲ ਕਰਨ ਦੇ ਹੁਕਮ ਜਾਰੀ ਕੀਤੇ ਜਿਸ ਤਹਿਤ ਸਿਵਲ ਸਰਜਨ ਨੇ ਇੱਕ ਤਿੰਨ ਮੈਂਬਰੀ ਡਾਕਟਰਾਂ ਦਾ ਬੋਰਡ ਕਾਇਮ ਕੀਤਾ ਜਿਨ੍ਹਾਂ ਵੱਲੋਂ ਕੀਤੇ ਪੋਸਟ ਮਾਰਟਮ ਮਗਰੋਂ ਅੱਜ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਅਤੇ ਬਾਅਦ ’ਚ ਹਦੀਆਬਾਦ ਦੇ ਸ਼ਮਸ਼ਾਨਘਾਟ ਵਿਖੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਭਾਜਪਾ ਵਿਧਾਇਕ ਸੋਮ ਪ੍ਰਕਾਸ਼, ਸਾਬਕਾ ਕੌਂਸਲਰ ਇਕਬਾਲ ਸਿੰਘ ਕੁੰਦੀ, ਪਰਮਜੀਤ ਸਿੰਘ ਖੁਰਾਨਾ ਸ਼ਾਮਲ ਹੋਏ। ਵਰਨਣਯੋਗ ਹੈ ਕਿ ਕੱਲ੍ਹ ਮ੍ਰਿਤਕ ਲੜਕੇ ਹਰਮਿੰਦਰ ਸਿੰਘ ਦੇ ਸਿਰ ’ਚ ਸਵੇਰ ਤੋਂ ਮਾਮੂਲੀ ਦਰਦ ਹੋ ਰਿਹਾ ਸੀ ਤੇ ਉਸ ਦੇ ਪਰਿਵਾਰਿਕ ਮੈਂਬਰ ਬੱਚੇ ਨੂੰ ਲੈ ਕੇ ਹਸਪਤਾਲ ਸਵੇਰੇ 11 ਵਜੇ ਗਏ ਸੀ। ਉਕਤ ਡਾਕਟਰ ਵੱਲੋਂ ਬੱਚੇ ਨੂੰ ਚੈੱਕ ਕੀਤਾ ਗਿਆ ਅਤੇ ਟੈੱਸਟ ਕਰਵਾਉਣ ਲਈ ਕਹਿ ਦਿੱਤਾ ਗਿਆ ਅਤੇ ਨਾਲ ਹੀ ਗੁਲੂਕੋਸ ਲਗਾ ਦਿੱਤਾ ਸੀ । ਟੈੱਸਟ ਦੀ ਰਿਪੋਰਟ ਆਉਣ ’ਤੇ ਡਾਕਟਰ ਨੇ ਕਹਿ ਦਿੱਤਾ ਸੀ ਕਿ ਇਸ ਨੂੰ ਕਮਜ਼ੋਰੀ ਹੈ ਤੇ ਇਸ ਨੂੰ ਗੁਲੂਕੋਸ ਤੇ ਕੈਲਸ਼ੀਅਮ ਦੀ ਲੋੜ ਹੈ। ਇਸ ਉਪਰੰਤ ਬੱਚੇ ਨੂੰ ਨੀਂਦ ਦਾ ਟੀਕਾ ਲੱਗਾ ਕੇ ਬੇਹੋਸ਼ੀ ਦੀ ਹਾਲਤ ’ਚ ਹੀ ਛੁੱਟੀ ਦੇ ਦਿੱਤੀ। ਘਰ ਆ ਕੇ ਪਰਿਵਾਰ ਨੇ ਬੱਚੇ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਰੰਗ ਨੀਲਾ ਹੋ ਗਿਆ ਸੀ ਜਿਸ ਨੂੰ ਉਹ ਮੁੜ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਤੋਂ ਰੋਹ ’ਚ ਆਏ ਲੋਕਾਂ ਨੇ ਡਾਕਟਰ ਦੀ ਵੀ ਮਾਮੂਲੀ ਕੁੱਟਮਾਰ ਕੀਤੀ ਸੀ ਤੇ ਮਾਮੂਲੀ ਭੰਨ ਤੋੜ ਵੀ ਕਰ ਦਿੱਤੀ।
INDIA ਇਲਾਜ ਦੌਰਾਨ ਮੌਤ: ਪੋਸਟਮਾਰਟਮ ਮਗਰੋਂ ਬੱਚੇ ਦਾ ਸਸਕਾਰ