ਤਹਿਰਾਨ (ਸਮਾਜਵੀਕਲੀ)– ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਰਾਕ ’ਚ ਅਮਰੀਕੀ ਫ਼ੌਜ ’ਤੇ ਹਮਲੇ ਨਾ ਕਰਨ ਦੀ ਚਿਤਾਵਨੀ ਦੇਣ ਮਗਰੋਂ ਇਰਾਨ ਨੇ ਕਿਹਾ ਹੈ ਕਿ ਉਹ ਸਿਰਫ਼ ਆਪਣੀ ਰੱਖਿਆ ’ਚ ਹੀ ਕਾਰਵਾਈ ਕਰਦਾ ਹੈ।
ਇਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜ਼ਰੀਫ਼ ਨੇ ਟਵੀਟ ਕਰਕੇ ਕਿਹਾ ਕਿ ਅਮਰੀਕਾ ਵਾਂਗ ਇਰਾਨ ਝੂਠ ਨਹੀਂ ਬੋਲਦਾ ਹੈ ਅਤੇ ਉਹ ਧੋਖਾ ਦੇ ਕੇ ਲੋਕਾਂ ਨੂੰ ਨਹੀਂ ਮਾਰਦਾ ਹੈ ਸਗੋਂ ਇਰਾਨ ਆਤਮ ਸੁਰੱਖਿਆ ’ਚ ਕੋਈ ਕਦਮ ਉਠਾਉਂਦਾ ਹੈ। ਉਨ੍ਹਾਂ ਖ਼ਬਰਦਾਰ ਕੀਤਾ ਕਿ ਇਰਾਨ ਜੰਗ ਸ਼ੁਰੂ ਨਹੀਂ ਕਰਦਾ ਹੈ ਪਰ ਜਿਹੜੇ ਇਸ ਦੀ ਸ਼ੁਰੂਆਤ ਕਰਦੇ ਹਨ, ਉਨ੍ਹਾਂ ਨੂੰ ਉਹ ਜ਼ਰੂਰ ਸਬਕ ਸਿਖਾਉਂਦਾ ਹੈ।
ਉਨ੍ਹਾਂ ਕਿਹਾ ਸੀ ਕਿ ਜੰਗ ਭੜਕਾਉਣ ਵਾਲਿਆਂ ਦੀਆਂ ਗੱਲਾਂ ਤੋਂ ਗੁੰਮਰਾਹ ਨਾ ਹੋਵੋ। ਤਹਿਰਾਨ ਅਤੇ ਵਾਸ਼ਿੰਗਟਨ ਵਿਚਕਾਰ ਤਣਾਅ ਉਸ ਸਮੇਂ ਵਧ ਗਿਆ ਸੀ ਜਦੋਂ ਟਰੰਪ ਨੇ ਪਰਮਾਣੂ ਸਮਝੌਤੇ ਤੋਂ ਹੱਥ ਪਿਛਾਂਹ ਖਿੱਚ ਲਏ ਸਨ ਅਤੇ 2018 ’ਚ ਇਰਾਨ ’ਤੇ ਪਾਬੰਦੀਆਂ ਲਗਾ ਦਿੱਤੀਆਂ ਸਨ। ਇਸ ਮਗਰੋਂ ਜਨਵਰੀ ’ਚ ਇਰਾਨ ਦੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਨੂੰ ਬਗ਼ਦਾਦ ’ਚ ਡਰੋਨ ਹਮਲਾ ਕਰਕੇ ਅਮਰੀਕਾ ਨੇ ਮਾਰ ਸੁੱਟਿਆ ਸੀ।
ਇਸ ਦੇ ਜਵਾਬ ’ਚ ਇਰਾਨ ਨੇ ਇਰਾਕ ’ਚ ਅਮਰੀਕੀ ਫ਼ੌਜ ਦੇ ਅੱਡਿਆਂ ’ਤੇ ਹਮਲੇ ਕੀਤੇ ਸਨ। ਟਰੰਪ ਨੇ ਬੁੱਧਵਾਰ ਨੂੰ ਇਰਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਹ ਅਮਰੀਕੀ ਫ਼ੌਜ ’ਤੇ ਹੋਰ ਹਮਲੇ ਕਰੇਗਾ ਤਾਂ ਉਸ ਨੂੰ ਭਾਰੀ ਖਮਿਆਜ਼ਾ ਭੁਗਤਣਾ ਪਵੇਗਾ।