ਵਾਸ਼ਿੰਗਟਨ (ਸਮਾਜਵੀਕਲੀ) : ਅਮਰੀਕਾ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਅਨੁਸਾਰ ਵਿਦੇਸ਼ ਵਿਭਾਗ ਨੇ ਇਰਾਨ ਤੋਂ ਤੇਲ ਦੀ ਦਰਾਮਦ ਕਰਨ ਦੇ ਮੁੱਦੇ ’ਤੇ ਭਾਰਤ ਦੀ ਹਮਾਇਤ ਕੀਤੀ ਸੀ ਜਦਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਪ੍ਰਤੀ ਕੋਈ ਸੰਵੇਦਨਾ ਨਾ ਦਿਖਾਈ।
ਬੋਲਟਨ ਨੇ ਇਹ ਦਾਅਵਾ ਆਪਣੀ ਪੁਸਤਕ ‘ਦਿ ਰੂਮ ਵੇਅਰ ਇਟ ਹੈੱਪਨਡ: ਏ ਵ੍ਹਾਈਟ ਹਾਊਸ ਮੈਮੋਇਰ’ ’ਚ ਕੀਤਾ ਹੈ। ਟਰੰਪ ਨੇ ਪਿਛਲੇ ਸਾਲ ਇਰਾਨ ਨਾਲ ਵਿਵਾਦ ਵਧਣ ’ਤੇ ਭਾਰਤ ਸਮੇਤ ਦੁਨੀਆ ਦੇ ਹੋਰਨਾਂ ਮੁਲਕਾਂ ਨੂੰ ਕਿਹਾ ਸੀ ਕਿ ਉਹ ਜਾਂ ਤਾਂ ਇਰਾਨ ਤੋਂ ਤੇਲ ਦੀ ਦਰਾਮਦ ਰੋਕ ਦੇਣ ਜਾਂ ਫਿਰ ਅਮਰੀਕਾ ਦੀਆਂ ਪਾਬੰਦੀਆਂ ਝੱਲਣ ਲਈ ਤਿਆਰ ਰਹਿਣ।
ਇਰਾਕ ਤੇ ਸਾਊਦੀ ਅਰਬ ਤੋਂ ਬਾਅਦ ਤੇਲ ਲਈ ਇਰਾਨ ਭਾਰਤ ਦਾ ਤੀਜਾ ਸਭ ਤੋਂ ਵੱਡਾ ਦਰਾਮਦਕਾਰ ਹੈ। ਬੋਲਟਨ ਨੇ ਆਪਣੀ ਕਿਤਾਬ ’ਚ ਦਾਅਵਾ ਕੀਤਾ, ‘ਵਿਦੇਸ਼ ਮੰਤਰੀ ਮਾਈਕ ਪੌਂਪੀਓ ਨਾਲ ਫੋਨ ’ਤੇ ਗੱਲਬਾਤ ਦੌਰਾਨ ਟਰੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਕੋਈ ਵੀ ਸੰਵੇਦਨਾ ਜ਼ਾਹਿਰ ਨਹੀਂ ਸੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਕੋਈ ਫਰਕ ਨਹੀਂ ਪਵੇਗਾ।’