ਇਰਾਨ ਨੇ ਅੱਜ ਮੰਨ ਲਿਆ ਹੈ ਕਿ ਯੂਕਰੇਨ ਦਾ ਯਾਤਰੀ ਜਹਾਜ਼ ਉਨ੍ਹਾਂ ਦੀ ਮਿਜ਼ਾਈਲ ਵੱਜਣ ਨਾਲ ਹੀ ਧਰਤੀ ’ਤੇ ਡਿੱਗ ਕੇ ਤਬਾਹ ਹੋਇਆ ਸੀ। ਤਹਿਰਾਨ ਨੇ ਕਿਹਾ ਹੈ ਕਿ ਇਹ ਜਾਣਬੁੱਝ ਕੇ ਬਿਲਕੁਲ ਨਹੀਂ ਕੀਤਾ ਗਿਆ ਅਤੇ ‘ਗਲਤੀ ਮੁਆਫ਼ੀ ਯੋਗ ਨਹੀਂ ਹੈ।’ ਇਰਾਨ ਦੇ ਵਿਦੇਸ਼ ਮੰਤਰੀ ਜਵਾਦ ਜ਼ਰੀਫ਼ ਨੇ ਕਿਹਾ ਕਿ ‘ਇਸ ਗਲਤੀ ਲਈ ਅਮਰੀਕਾ ਜ਼ਿੰਮੇਵਾਰ ਹੈ ਜਿਸ ਨੇ ਖਿੱਤੇ ਵਿਚ ਮਨਮਾਨੀ ਕਰ ਕੇ ਟਕਰਾਅ ਪੈਦਾ ਕੀਤਾ।’ ਦੱਸਣਯੋਗ ਹੈ ਕਿ ਯੂਕਰੇਨ ਇੰਟਰਨੈਸ਼ਨਲ ਏਅਰਲਾਈਨ ਦਾ ਬੋਇੰਗ ਯਾਤਰੀ ਜਹਾਜ਼ ਬੁੱਧਵਾਰ ਨੂੰ ਜਦ ਹਾਦਸਾਗ੍ਰਸਤ ਹੋਇਆ ਸੀ, ਉਸੇ ਵੇਲੇ ਇਰਾਨ ਨੇ ਇਰਾਕ ਵਿਚਲੇ ਅਮਰੀਕੀ ਟਿਕਾਣਿਆਂ ’ਤੇ ਮਿਜ਼ਾਈਲ ਹਮਲਾ ਕੀਤਾ ਸੀ। ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਕਿ ਇਰਾਨ ਨੂੰ ਇਸ ਵੱਡੀ ਗਲਤੀ ਦਾ ਬੇਹੱਦ ਅਫ਼ਸੋਸ ਹੈ। ਮੁਲਕ ਦੀ ਅੰਦਰੂਨੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮਨੁੱਖੀ ਗਲਤੀ ਕਾਰਨ ਮਿਜ਼ਾਈਲ ਦਾਗ਼ੀ ਗਈ ਤੇ ਇਹ ਜਹਾਜ਼ ’ਚ ਵੱਜੀ। ਇਸ ਹਾਦਸੇ ’ਚ ਚਾਲਕ ਅਮਲੇ ਸਣੇ ਵੱਖ-ਵੱਖ ਮੁਲਕਾਂ ਦੇ 176 ਵਿਅਕਤੀ ਮਾਰੇ ਗਏ ਸਨ। ਜ਼ਿਆਦਾਤਰ ਨਾਗਰਿਕ ਇਰਾਨੀ ਤੇ ਕੈਨੇਡੀਅਨ ਸਨ। ਹਾਦਸੇ ਮਗਰੋਂ ਕਈ ਦੇਸ਼ਾਂ ਨੇ ਇਰਾਨ ਲਈ ਉਡਾਨਾਂ ਜਾਂ ਤਾਂ ਰੱਦ ਕਰ ਦਿੱਤੀਆਂ ਸਨ ਜਾਂ ਹੋਰ ਪਾਸੇ ਮੋੜ ਦਿੱਤੀਆਂ ਸਨ। ਇਰਾਨ ਨੇ ਕਿਹਾ ਹੈ ਕਿ ਜਾਂਚ ਜਾਰੀ ਹੈ ਅਤੇ ਸ਼ਨਾਖ਼ਤ ਕਰ ਕੇ ਇਸ ਤਰਾਸਦੀ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਇਸੇ ਦੌਰਾਨ ਰੈਵੋਲਿਊਸ਼ਨਰੀ ਗਾਰਡਜ਼ ਦੇ ਇਕ ਕਮਾਂਡਰ ਨੇ ਜਹਾਜ਼ ਡੇਗਣ ਦੀ ‘ਪੂਰੀ ਜ਼ਿੰਮੇਵਾਰੀ ਲੈ ਲਈ ਹੈ’ ਤੇ ਅਫ਼ਸੋਸ ਜ਼ਾਹਿਰ ਕੀਤਾ ਹੈ।
World ਇਰਾਨੀ ਮਿਜ਼ਾਈਲ ਨੇ ਹੀ ਡੇਗਿਆ ਯੂਕਰੇਨ ਦਾ ਜਹਾਜ਼