ਇਸਲਾਮਾਬਾਦ: ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਸਿੰਧ ਸੂਬੇ ਵਿੱਚ ਅੱਲੜ੍ਹ ਉਮਰ ਦੀਆਂ ਦੋ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਜਬਰੀ ਧਰਮ ਪਰਿਵਰਤਨ ਤੇ ਨਿਕਾਹ ਕਰਵਾਏ ਜਾਣ ਦੀਆਂ ਰਿਪੋਰਟਾਂ ਮਗਰੋਂ ਇਸ ਸਾਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਫੌਰੀ ਕੁੜੀਆਂ ਦਾ ਥਹੁ-ਪਤਾ ਲਾ ਕੇ ਉਨ੍ਹਾਂ ਨੂੰ ਪਰਿਵਾਰਾਂ ਹਵਾਲੇ ਕਰਨ। ਇਸ ਦੌਰਾਨ ਗ੍ਰਹਿ ਮੰਤਰੀ ਸ਼ਹਿਰਯਾਰ ਖਾਨ ਅਫ਼ਰੀਦੀ ਨੇ ਸਿੰਧ ਪੁਲੀਸ ਦੇ ਆਈਜੀ ਨੂੰ ਜਾਂਚ ਲਈ ਕਹਿੰਦਿਆਂ ਰਿਪੋਰਟ ਤਲਬ ਕਰ ਲਈ ਹੈ। ਸ਼ਹਿਰਯਾਰ ਨੇ ਇਕ ਟਵੀਟ ’ਚ ਕਿਹਾ ਕਿ ‘ਦੋਵੇਂ ਕੁੜੀਆਂ ਪਾਕਿਸਤਾਨ ਦੀਆਂ ਨਾਗਰਿਕ ਹਨ ਤੇ ਉਨ੍ਹਾਂ ਦੀ ਰੱਖਿਆ ਸਾਡਾ ਫ਼ਰਜ਼ ਹੈ।’ ਅਜਿਹੀਆਂ ਰਿਪੋਰਟਾਂ ਹਨ ਕਿ ਕੁੜੀਆਂ ਨੂੰ ਰਹੀਮ ਯਾਰ ਖ਼ਾਨ ਲਿਜਾਇਆ ਗਿਆ ਹੈ। ਉਧਰ ਪਾਕਿਸਤਾਨ ਹਿੰਦੂ ਕੌਂਸਲ ਦੇ ਮੁਖੀ ਤੇ ਕੌਮੀ ਅਸੈਂਬਲੀ ’ਚ ਸੱਤਾਧਾਰੀ ਪੀਟੀਆਈ ਦੇ ਮੈਂਬਰ ਰਮੇਸ਼ ਕੁਮਾਰ ਵਾਂਕਵਾਨੀ ਨੇ ਘਟਨਾ ਦੀ ਨਿਖੇਧੀ ਕਰਦਿਆਂ ਜਬਰੀ ਧਰਮ ਤਬਦੀਲੀ ਖ਼ਿਲਾਫ਼ ਬਿੱਲ ਨੂੰ ਮੁੜ ਸੰਸਦ ਵਿੱਚ ਲਿਆਉਣ ਦੀ ਮੰਗ ਕੀਤੀ ਹੈ। ਚੇਤੇ ਰਹੇ ਕਿ ਅਸਰ ਰਸੂਖ਼ ਰੱਖਣ ਵਾਲੇ ਕੁਝ ਵਿਅਕਤੀਆਂ ਦੇ ਸਮੂਹ ਨੇ ਹੋਲੀ ਤੋਂ ਇਕ ਦਿਨ ਪਹਿਲਾਂ ਰਵੀਨਾ (13) ਤੇ ਰੀਨਾ (15) ਨਾਂ ਦੀਆਂ ਦੋ ਨਾਬਾਲਗ ਕੁੜੀਆਂ ਨੂੰ ਸਿੰਧ ਸੂਬੇ ਦੇ ਘੋਟਕੀ ਜ਼ਿਲ੍ਹੇ ਵਿਚਲੇ ਉਨ੍ਹਾਂ ਦੇ ਘਰ ਤੋਂ ਕਥਿਤ ਅਗਵਾ ਕਰ ਲਿਆ ਸੀ। ਇਸ ਘਟਨਾ ਤੋਂ ਛੇਤੀ ਮਗਰੋਂ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਇਕ ਮੌਲਵੀ ਦੋਵਾਂ ਕੁੜੀਆਂ ਦਾ ਨਿਕਾਹ ਕਰਾਉਂਦਾ ਨਜ਼ਰ ਆ ਰਿਹਾ ਹੈ। ਮਗਰੋਂ ਇਕ ਵੱਖਰੀ ਵੀਡੀਓ ਵਿੱਚ ਨਾਬਾਲਗਾਂ ਨੂੰ ਇਹ ਕਹਿੰਦਿਆਂ ਵਿਖਾਇਆ ਗਿਆ ਕਿ ਉਹ ਆਪਣੀ ਮਰਜ਼ੀ ਨਾਲ ਇਸਲਾਮ ਧਰਮ ਕਬੂਲ ਰਹੀਆਂ ਹਨ। ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਅੱਜ ਉਰਦੂ ਵਿੱਚ ਕੀਤੇ ਟਵੀਟ ’ਚ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਿੰਧ ਸੂਬੇ ਦੇ ਮੁੱਖ ਮੰਤਰੀ ਨੂੰ ਰਿਪੋਰਟਾਂ ਬਾਬਤ ਲੋੜੀਂਦੀ ਕਾਰਵਾਈ ਲਈ ਆਖ ਦਿੱਤਾ ਹੈ। ਚੌਧਰੀ ਨੇ ਕਿਹਾ ਕਿ ਵਜ਼ੀਰੇ ਆਜ਼ਮ ਨੇ ਸਿੰਧ ਤੇ ਪੰਜਾਬ ਸਰਕਾਰਾਂ ਨੂੰ ਸਾਂਝੀ ਕਾਰਵਾਈ ਲਈ ਕਹਿੰਦਿਆਂ ਸਖ਼ਤ ਕਦਮ ਚੁੱਕਣ ਲਈ ਕਿਹਾ ਹੈ ਤਾਂ ਕਿ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ।
HOME ਇਮਰਾਨ ਵੱਲੋਂ ਹਿੰਦੂ ਕੁੜੀਆਂ ਦੇ ਅਗਵਾ ਮਾਮਲੇ ਦੀ ਜਾਂਚ ਦੇ ਹੁਕਮ