ਨਗਰ ਪੰਚਾਇਤ ਮੰਡੀ ਕਲਾਂ ਵਿੱਚ ਰਮਸਾ ਸਕੀਮ ਅਧੀਨ ਚੱਲ ਰਹੇ ਸਰਕਾਰੀ ਗਰਲਜ਼ ਹੋਸਟਲ ਵਿੱਚੋਂ ਪਿਛਲੇ ਦਿਨੀਂ ਲੜਕੀ ਦੇ ਗਾਇਬ ਹੋਣ ਦਾ ਮਾਮਲਾ ਭਖ ਗਿਆ ਹੈ। ਪੀੜਤ ਪਰਿਵਾਰ ਨੂੰ ਪ੍ਰਸ਼ਾਸਨ ਵੱਲੋਂ ਇਨਸਾਫ ਨਾ ਦਿੱਤੇ ਜਾਣ ਕਾਰਨ ਪੀੜਤ ਕੁਲਦੀਪ ਸਿੰਘ ਅੱਜ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ। ਦੂਜੇ ਪਾਸੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪਿੰਡ ਵਾਸੀਆਂ ਨੇ ਰਾਮਪੁਰਾ ਮੌੜ ਸੜਕ ’ਤੇ ਜਾਮ ਲਗਾ ਦਿੱਤਾ।
ਪੀੜਤ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਰਿਸ਼ਤੇਦਾਰੀ ਵਿੱਚੋਂ ਲੜਕੀ ਸਰਕਾਰੀ ਸੈਕੰਡਰੀ (ਲੜਕੀਆਂ) ਸਕੂਲ ਦੇ ਹੋਸਟਲ ਵਿੱਚ ਰਹਿ ਕੇ ਪੜ੍ਹ ਰਹੀ ਹੈ। ਪਿਛਲੇ ਦਿਨੀਂ ਲੜਕੀ ਹੋਸਟਲ ਵਿੱਚੋਂ ਰਾਤ ਸਮੇਂ ਗਾਇਬ ਹੋ ਗਈ ਤੇ ਮਗਰੋਂ ਹੋਸਟਲ ਦੀ ਕੁੱਕ ਦੇ ਘਰੋਂ ਮਿਲੀ। ਦੂਸਰੇ ਦਿਨ ਪਿੰਡ ਵਾਸੀਆਂ ਨੇ ਲੜਕੀ ਨੂੰ ਮਾਪਿਆਂ ਦੀ ਇਜਾਜ਼ਤ ਤੋ ਬਿਨਾਂ ਕੁੱਕ ਵੱਲੋਂ ਘਰ ਲਿਜਾਏ ਜਾਣ ਦੇ ਵਿਰੋਧ ਵਿੱਚ ਸਕੂਲ ਦੇ ਗੇਟ ਅੱਗੇ ਧਰਨਾ ਦਿੱਤਾ ਤੇ ਦੋਸ਼ੀ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਉਦੋਂ ਮੌਕੇ ’ਤੇ ਪਹੁੰਚੀ ਸਿੱਖਿਆ ਵਿਭਾਗ ਦੀ ਜ਼ਿਲ੍ਹਾ ਉਪ ਸਿੱਖਿਆ ਅਫਸਰ ਭੁਪਿੰਦਰ ਕੌਰ ਨੇ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਮਾਮਲੇ ਦੀ ਪੜਤਾਲ ਕਰ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਪਰ ਕਾਫ਼ੀ ਦਿਨ ਬੀਤ ਜਾਣ ’ਤੇ ਜਦੋਂ ਕੋਈ ਕਾਰਵਾਈ ਨਾ ਹੋਈ ਹੋਈ ਤਾਂ ਉਸ ਨੂੰ ਟੈਂਕੀ ’ਤੇ ਚੜ੍ਹਨ ਲਈ ਮਜਬੂਰ ਹੋਣਾ ਪਿਆ ਹੈ।
ਦੂਜੇ ਪਾਸੇ ਨੌਜਵਾਨ ਦੇ ਟੈਂਕੀ ’ਤੇ ਚੜ੍ਹਨ ਦੀ ਖ਼ਬਰ ਸੁਣਦਿਆਂ ਹੀ ਰੋਹ ਵਿੱਚ ਆਏ ਪਿੰਡ ਵਾਸੀਆਂ ਨੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮੌੜ ਰਾਮਪੁਰਾ ਸੜਕ ’ਤੇ ਬਾਬਾ ਹਰਦੀਪ ਸਿੰਘ ਮਹਿਰਾਜ, ਨੌਜਵਾਨ ਸੇਵਾ ਕਲੱਬ ਮਾਨਸਾ ਦੇ ਮੈਂਬਰ ਰਣਤੀਰ ਸਿੰਘ, ਅਕਾਲੀ ਦਲ ਮਾਨ ਆਗੂ ਰਜਿੰਦਰ ਸਿੰਘ ਜਵਾਹਰਕੇ ਅਤੇ ਸਾਬਕਾ ਪ੍ਰਧਾਨ ਜਗਜੀਤ ਸਿੰਘ ਖਾਲਸਾ ਦੀ ਅਗਵਾਈ ਵਿੱਚ ਧਰਨਾ ਲਗਾ ਕੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦਾ ਪਤਾ ਚੱਲਦੇ ਹੀ ਕੁਲਦੀਪ ਸਿੰਘ ਡੀਐਸਪੀ ਹੈੱਡਕੁਆਟਰ, ਨਾਇਬ ਤਹਿਸੀਲਦਾਰ ਬਾਲਿਆਵਾਂਲੀ ਰਾਕੇਸ਼ ਕੁਮਾਰ, ਐਸਐਚਓ ਬਾਲਿਆਂਵਾਲੀ ਜੈ ਸਿੰਘ ਮੌਕੇ ’ਤੇ ਪੁੱਜੇ ਅਤੇ ਤੇ ਪੀੜਤ ਪਰਿਵਾਰ ਨੂੰ ਛੇਤੀ ਇਨਸਾਫ਼ ਦੇਣ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਪੀੜਤ ਕੁਲਦੀਪ ਸਿੰਘ ਟੈਂਕੀ ਤੋਂ ਹੇਠਾਂ ਆ ਗਿਆ ਅਤੇ ਪਿੰਡ ਵਾਸੀਆਂ ਨੇ ਧਰਨਾ ਸਮਾਪਤ ਕਰ ਦਿੱਤਾ ਗਿਆ।
ਜਾਣਕਾਰੀ ਮਿਲੀ ਹੈ ਕਿ ਦੇਰ ਰਾਤ ਪੁਲੀਸ ਨੇ ਕੁੱਕ ਪਰਮਜੀਤ ਕੌਰ, ਉਸ ਦੇ ਪਤੀ ਅਤੇ ਸਕੂਲ ਦੀ ਅਧਿਆਪਕਾ ਖ਼ਿਲਾਫ਼਼ ਕੇਸ ਦਰਜ ਕਰ ਲਿਆ ਹੈ।
INDIA ਇਨਸਾਫ ਲੈਣ ਵਾਸਤੇ ਟੈਂਕੀ ’ਤੇ ਚੜ੍ਹਿਆ ਪੀੜਤ