ਇਨਸਾਫ਼ ਦੇ ਭਰੋਸੇ ਮਗਰੋਂ ਬੱਚੀਆਂ ਦੀਆਂ ਦੇਹਾਂ ਸਪੁਰਦ-ਏ-ਖ਼ਾਕ

ਚਮਕੌਰ ਸਾਹਿਬ (ਸਮਾਜਵੀਕਲੀ) :   ਚਮਕੌਰ ਸਾਹਿਬ ਦੇ ਵਾਰਡ ਨੰਬਰ-11 ਵਿੱਚ ਬੀਤੇ ਦਿਨੀਂ ਕਾਰ ’ਚੋਂ ਮ੍ਰਿਤਕ ਮਿਲੀਆਂ ਪਰਵਾਸੀ ਮਜ਼ਦੂਰਾਂ ਦੀਆਂ ਤਿੰਨ ਬੱਚੀਆਂ ਦਾ ਅੱਜ ਰੂਪਨਗਰ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਕੇ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ। ਇਸ ਮਗਰੋਂ ਬੱਚੀਆਂ ਦੇ ਕਤਲ ਦਾ ਸ਼ੱਕ ਹੋਣ ’ਤੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਇਨਸਾਫ਼ ਮਿਲਣ ਤੱਕ ਲਾਸ਼ਾਂ ਸੜਕ ’ਤੇ ਰੱਖ ਕੇ ਜਾਮ ਲਗਾਉਣ ਦਾ ਐਲਾਨ ਕਰ ਦਿੱਤਾ।

ਪੀੜਤ ਪਰਿਵਾਰਾਂ ਨੂੰ ਇਸ ਗੱਲ ਦਾ ਰੋਸ ਸੀ ਕਿ ਪੁਲੀਸ ਅਧਿਕਾਰੀ ਉਕਤ ਘਟਨਾ ਨੂੰ ਕਤਲ ਨਾ ਮੰਨਦੇ ਹੋਏ ਇਹ ਕਹਿ ਰਹੇ ਹਨ ਕਿ ਕਾਰ ਦੀ ਇੱਕ ਤਾਕੀ ਖੁੱਲ੍ਹੀ ਹੋਣ ਕਾਰਨ ਬੱਚੀਆਂ ਖੇਡਦੀਆਂ ਹੋਈਆਂ ਕਾਰ ਵਿੱਚ ਚਲੀਆਂ ਗਈਆਂ ਪਰ ਉਹ ਕਾਰ ’ਚੋਂ ਬਾਹਰ ਨਹੀਂ ਨਿਕਲ ਸਕੀਆਂ। ਇਸ ਦੌਰਾਨ ਸਾਹ ਘੁੱਟਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਦੇ ਉਲਟ ਪੀੜਤਾਂ ਦਾ ਕਹਿਣਾ ਹੈ ਕਿ ਬੱਚੀਆਂ ਨੂੰ ਖੇਡਦੇ ਸਮੇਂ ਅਗਵਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਮਾਰਨ ਮਗਰੋਂ ਮੁਲਜ਼ਮ ਬੱਚੀਆਂ ਨੂੰ ਕਾਰ ਵਿੱਚ ਛੱਡ ਕੇ ਚਲੇ ਗਏ।

ਮੌਕੇ ’ਤੇ ਪਹੁੰਚੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਨੇ ਪੀੜਤ ਪਰਿਵਾਰਾਂ ਨੂੰ ਕਿਹਾ ਕਿ ਜੇ ਪੋਸਟਮਾਰਟਮ ਰਿਪੋਰਟ ਵਿੱਚ ਕੋਈ ਗੱਲ ਸਾਹਮਣੇ ਆਈ ਤਾਂ ਉਨ੍ਹਾਂ ਨੂੰ ਪੂਰਾ ਇਨਸਾਫ਼ ਦਿਵਾਇਆ ਜਾਵੇਗਾ। ਇਸ ਮਗਰੋਂ ਪੀੜਤ ਪਰਿਵਰ ਬੱਚੀਆਂ ਨੂੰ ਦਫਨਾਉਣ ਲਈ ਰਾਜ਼ੀ ਹੋਏ। ਥਾਣਾ ਮੁਖੀ ਗੁਰਸੇਵਕ ਸਿੰਘ ਬਰਾੜ ਨੇ ਮੌਕੇ ’ਤੇ ਪੁੱਜ ਕੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਾ ਭਰੋਸਾ ਦਿਵਾਇਆ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਬੱਚੀਆਂ ਨੂੰ ਦਫ਼ਨਾ ਦਿੱਤਾ ਗਿਆ।

Previous articleਲੰਗਰ ਘੁਟਾਲਾ: ਜਾਂਚ ਕਮੇਟੀ ਅੱਜ ਪੇਸ਼ ਕਰੇਗੀ ਰਿਪੋਰਟ
Next articleIranian-backed forces redeploy in eastern Syria