ਇਟਲੀ (ਸਮਾਜ ਵੀਕਲੀ): ਕੋਰੋਨਾਵਾਇਰਸ ਮਹਾਮਾਰੀ ਦੇ ਕਰਕੇ ਇਟਲੀ ਵਿੱਚ ਹੋਈ ਤਾਲਾਬੰਦੀ ਨਾਲ ਸਾਰੇ ਕੰਮਕਾਰ ਠੱਪ ਸਨ। ਹਾਲਾਤਾਂ ਵਿੱਚ ਸੁਧਾਰ ਨੂੰ ਦੇਖਦੇ ਹੋਏ 4 ਮਈ ਨੂੰ ਇਟਲੀ ਸਰਕਾਰ ਨੇ ਫੇਜ 2 ਦੇ ਤਹਿਤ ਕੁੱਝ ਕੰਮਕਾਰ ਖੋਲ੍ਹ ਦਿੱਤੇ ਸਨ। ਪਿੱਛਲੇ ਦਿਨੀ ਇਟਲੀ ਸਰਕਾਰ ਦੁਆਰਾ ਬਾਕੀ ਬੰਦ ਪਏ ਕਾਰੋਬਾਰ ਖੋਲ੍ਹਣ ਦਾ ਐਲਾਨ ਵੀ ਕੀਤਾ ਗਿਆ ਸੀ। ਸੋਮਵਾਰ, 18 ਮਈ ਨੂੰ ਤਕਰੀਬਨ ਦੋ ਮਹੀਨਿਆਂ ਬਾਅਦ ਇਟਲੀ ਸਰਕਾਰ ਦੁਆਰਾ ਕਾਫੀ ਹੱਦ ਤੱਕ ਕੰਮਕਾਰਾਂ ਦੇ ਖੋਲ੍ਹਣ ਕਰਕੇ ਇਟਲੀ ਦੀਆਂ ਸੜਕਾਂ ‘ਤੇ ਕਾਫੀ ਚਹਿਲ ਪਹਿਲ ਨਜਰ ਆਈ।
ਤਕਰੀਬਨ ਦੋ ਮਹੀਨਿਆਂ ਬਾਅਦ ਖੁੱਲੀ ਇਸ ਤਾਲਾਬੰਦੀ ਵਿੱਚ ਇਟਲੀ ਦੇ ਲੋਕਾਂ ਨੇ ਕਾਫੀ ਖੁਸ਼ੀ ਵੀ ਮਹਿਸੂਸ ਕੀਤੀ, ਕੱਲ੍ਹ ਵੱਡੀ ਗਿਣਤੀ ਵਿਚ ਲੋਕ ਆਪਣੇ ਕੰਮਾਂਕਾਰਾਂ ‘ਤੇ ਵੀ ਗਏ, ਜਿਹੜੇ ਪਿਛਲੇ ਦੋ ਮਹੀਨਿਆਂ ਤੋਂ ਘਰੇ ਬੈਠਣ ਲਈ ਮਜਬੂਰ ਸਨ। ਲੋਕ ਆਮ ਸੜਕਾਂ ‘ਤੇ ਘੁੰਮਦੇ ਵੀ ਨਜਰ ਆਏ ਅਤੇ ਮਾਰਕੀਟਾਂ ਦੇ ਵਿੱਚ ਕਾਫੀ ਭੀੜ ਦੇਖਣ ਨੂੰ ਮਿਲੀ। ਹਾਲਾਤਾਂ ਵਿੱਚ ਆਏ ਸੁਧਾਰਾਂ ਤੋਂ ਬਾਅਦ ਖੁੱਲ੍ਹੇ ਇਸ ਲਾਕਡਾਊਨ ਦੇ ਮਗਰੋਂ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਲੋਕਾਂ ਨੂੰ ਕੋਵਿਡ-19 ਨਾਂ ਦੀ ਇਸ ਖ਼ਤਰਨਾਕ ਬਿਮਾਰੀ ਦਾ ਚੇਤਾ ਹੀ ਭੁੱਲ ਗਿਆ ਹੋਵੇ।ਰਾਜਧਾਨੀ ਰੋਮ ਵਿੱਚ ਖੁੱਲੇ ਬਾਰ ਤੇ ਪਿੱਜ਼ਾ ਹੱਟ ਉੱਤੇ ਕੋਵਿਡ-19 ਤੋਂ ਬਚਾਅ ਲਈ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ ਜੋ ਕਿ ਇਟਲੀ ਨੂੰ ਕੋਵਿਡ-19 ਮੁਕਤ ਕਰਨ ਲਈ ਬਹੁਤ ਜ਼ਰੂਰੀ ਹੈ।
ਇਟਲੀ ਦੇ ਵਿੱਚ ਆਈ ਇਸ ਕੋਵਿਡ-19 ਨਾਮ ਦੀ ਮਹਾਮਾਰੀ ਕਰਕੇ ਇਟਲੀ ਦਾ ਕਾਫੀ ਜਾਨੀ ਅਤੇ ਆਰਥਿਕ ਨੁਕਸਾਨ ਹੋਇਆ ਹੈ।ਇਟਲੀ ਵਿੱਚ ਹੁਣ ਤੱਕ 225,886 ਲੋਕ ਕੋਵਿਡ-19 ਨਾਲ ਗ੍ਰਸਤ ਹੋਏ ਤੇ 32007 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।ਹੁਣ ਹਾਲਾਤਾਂ ਵਿੱਚ ਹੋਏ ਸੁਧਾਰਾਂ ਕਾਰਨ ਬਹੁਤੀਆਂ ਕੰਪਨੀਆਂ ਨੇ ਆਪਣੇ ਕਾਮਿਆਂ ਨੂੰ ਕੰਮ ‘ਤੇ ਬੁਲਾ ਲਿਆ ਹੈ। ਕਾਫੀ ਦਿਨਾਂ ਤੋਂ ਮਜਬੂਰੀ ਵਿੱਚ ਘਰ ਬੈਠੇ ਲੋਕਾਂ ਨੂੰ ਵੀ ਨਿਜਾਤ ਮਿਲ ਗਈ। ਲੋਕਾਂ ਦੇ ਦੁਬਾਰਾ ਆਪਣੇ ਕੰਮਾਂ ‘ਤੇ ਪਰਤ ਆਉਣ ਦੇ ਬਾਅਦ ਵਿੱਚ ਇਹ ਦੇਖਣਾ ਹੋਵੇਗਾ ਕਿ ਇਟਲੀ ਵਿੱਚ ਲਾਕਡਾਊਨ ਖੁੱਲ੍ਹਣ ਦੇ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਤੀਜੇ ਸਾਹਮਣੇ ਆਉਂਦੇ ਹਨ। ਆਮ ਲੋਕ ਤਾਂ ਇਹੀ ਦੁਆ ਕਰਦੇ ਹਨ ਕਿ ਹੁਣ ਸਭ ਕੁਝ ਪਹਿਲਾਂ ਵਾਂਗ ਚੱਲੇ ਤਾਂ ਕਿ ਇਟਲੀ ਦੇ ਵਿੱਚ ਵੱਸਦੇ ਹਰ ਮੂਲ ਦੇ ਵਿਅਕਤੀ ਨੂੰ ਦੁਬਾਰਾ ਖੁਸ਼ੀਆਂ ਮਿਲ ਸਕਣ।
ਤਕਰੀਬਨ ਤਿੰਨ ਮਹੀਨੇ ਤੋਂ ਚੱਲ ਰਹੀ ਇਸ ਬੀਮਾਰੀ ਕਰਕੇ ਇਟਲੀ ਸਰਕਾਰ ਨੇ ਬੜੀ ਮਿਹਨਤ ਨਾਲ ਇਟਲੀ ਨੂੰ ਮੁੜ ਲੀਹਾਂ ਤੇ ਲਿਆਉਂਦਾ ਹੈ, ਜਿਸ ਵਿੱਚ ਡਾਕਟਰਾਂ ਦੀਆਂ ਟੀਮਾਂ, ਸਮਾਜ ਸੇਵੀ, ਪੁਲਿਸ ਪ੍ਰਸ਼ਾਸਨ ਅਤੇ ਧਾਰਮਿਕ ਸੰਸਥਾਵਾਂ ਦੁਆਰਾ ਦਿੱਤੇ ਗਏ ਯੋਗਦਾਨਾਂ ਨੂੰ ਭੁਲਾਇਆ ਨਹੀ ਜਾ ਸਕਦਾ। ਜਿਹਨਾਂ ਦੇ ਸਹਿਯੋਗ ਸਦਕਾ ਇਟਲੀ ਦੇ ਲੋਕਾਂ ਨੂੰ ਨਵੀਂ ਆਜ਼ਾਦੀ ਮਿਲੀ ਪਰ ਹਾਲੇ ਵੀ ਕੁਝ ਕਾਰੋਬਾਰ ਹਨ ਜਿਹਨਾਂ ਨੂੰ ਸਰਕਾਰ ਜੂਨ ਵਿੱਚ ਖੋਲ੍ਹੇਗੀ ਤੇ ਦੇਸ਼ ਦੀਆਂ ਸਰਹੱਦਾਂ ਵੀ 3 ਜੂਨ ਨੂੰ ਹੀ ਖੋਲ੍ਹਣ ਜਾ ਰਹੀ ਹੈ ਜਦੋਂ ਕਿ ਸਕੂਲ ਸਤੰਬਰ ਵਿੱਚ ਖੁੱਲ੍ਹਣਗੇ।
ਤਕਰੀਬਨ ਦੋ ਮਹੀਨਿਆਂ ਤੋਂ ਬੰਦ ਪਏ ਕਾਰੋਬਾਰ ਖੁੱਲ੍ਹਣ ਤੇ ਇਟਲੀ ਵਾਸੀਆਂ ਖ਼ਾਸਕਰ ਭਾਰਤੀਆਂ ਨੂੰ ਇਸ ਗੱਲ ਦੀ ਸਮਝ ਰੱਖਣੀ ਚਾਹੀਦੀ ਹੈ ਕਿ ਕੋਵਿਡ-19 ਨੂੰ ਸਧਾਰਨ ਨਾ ਸਮਝਿਆ ਜਾਵੇ, ਕਿਉਂਕਿ ਹਾਲੇ ਸਿਰਫ ਤਾਲਾਬੰਦੀ ਖੁੱਲ੍ਹੀ ਹੈ ਪਰ ਇਸ ਬਿਮਾਰੀ ਦਾ ਕੋਈ ਪੱਕਾ ਹੱਲ ਨਹੀਂ ਨਿਕਲਿਆ। ਬੇਸ਼ੱਕ ਇਟਲੀ ਨੇ ਕਾਫੀ ਹੱਦ ਤੱਕ ਕੋਰੋਨਾਵਾਇਰਸ ਦੇ ਮਰੀਜ਼ਾਂ ਨੂੰ ਤੰਦਰੁਸਤ ਕਰ ਲਿਆ ਹੈ ਪਰ ਲੋਕਾਂ ਨੂੰ ਹਾਲੇ ਲੰਬੇ ਸਮੇਂ ਤੱਕ ਸਾਵਧਾਨ ਰਹਿਣ ਦੀ ਲੋੜ ਹੈ। ਅਸੀਂ ਇਟਲੀ ਵਿੱਚ ਵੱਸਦੇ ਸਮੂਹ ਭਾਰਤੀ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਸਰਕਾਰ ਵਲੋਂ ਬਣਾਏ ਨਿਯਮਾਂ ਦੀ ਪਾਲਣਾ ਕਰਨ। ਤਾਂਜੋ ਹਮੇਸ਼ਾ ਲਈ ਇਸ ਮਹਾਮਾਰੀ ਤੋਂ ਆਪਣੇ ਆਪ ਨੂੰ ਬਚਾ ਸਕੀਏ।