ਸਰਕਾਰੀ ਮਾਲਕੀ ਵਾਲੀ ਮੋਹਰੀ ਇਜ਼ਰਾਈਲੀ ਰੱਖਿਆ ਕੰਪਨੀ ਨੇ ਅੱਜ ਆਖਿਆ ਕਿ ਉਸ ਨੇ ਧਰਤੀ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਲੰਮੀ ਦੂਰੀ ਦੀਆਂ ਬਰਾਕ 8 ਮਿਜ਼ਾਈਲਾਂ ਅਤੇ ਭਾਰਤੀ ਜਲ ਸੈਨਾ ਲਈ ਮਿਜ਼ਾਈਲ ਡਿਫ਼ੈਂਸ ਸਿਸਟਮ ਸਪਲਾਈ ਕਰਨ ਲਈ ਕਰਾਰ ਕੀਤਾ ਹੈ। ਇਜ਼ਰਾਈਲੀ ਕਾਰੋਬਾਰੀ ਅਖ਼ਬਾਰ ‘ਗਲੋਬਜ਼’ ਦੀ ਰਿਪੋਰਟ ਮੁਤਾਬਕ ਇਜ਼ਰਾਈਲ ਏਅਰੋਸਪੇਸ ਇੰਡਸਟ੍ਰੀਜ਼ ਆਈਏਆਈ ਨੇ ਆਖਿਆ ਹੈ ਕਿ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਬੀਈਐਲ ਇਸ ਪ੍ਰਾਜੈਕਟ ਲਈ ਮੁੱਖ ਨਿਰਮਾਣਕਾਰ ਹੋਵੇਗੀ। ਰਿਪੋਰਟ ਮੁਤਾਬਕ ਆਈਏਆਈ ਲੰਮੀ ਦੂਰੀ ਦੀ ਧਰਤੀ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ (ਐਲਆਰ-ਐਸਏਐਮ) ਅਤੇ ਵਾਯੂ ਅਤੇ ਮਿਜ਼ਾਈਲ ਡਿਫੈਂਸ ਸਿਸਟਮ (ਏਐਮਡੀ), ਏਐਮਡੀ ਸਿਸਟਮ ਬਰਾਕ 8 ਦਾ ਮਰੀਨ ਵਰਜ਼ਨ, ਭਾਰਤੀ ਜਲ ਸੈਨਾ ਲਈ 8 ਜਹਾਜ਼ ਸਪਲਾਈ ਕਰੇਗੀ। ਆਈਏਆਈ ਇਜ਼ਰਾਈਲ ਦੀ ਸਭ ਤੋਂ ਵੱਡੀ ਏਅਰੋਸਪੇਸ ਅਤੇ ਰੱਖਿਆ ਕੰਪਨੀ ਹੈ ਜੋ ਐਂਟੀ ਮਿਜ਼ਾਈਲ, ਏਰੀਅਲ ਸਿਸਟਮ ਅਤੇ ਖੁਫ਼ੀਆ ਤੇ ਸਾਈਬਰ ਸੁਰੱਖਿਆ ਸਿਸਟਮ ਸਮੇਤ ਡਿਫੈਂਸ ਸਿਸਟਮ ਬਣਾਉਂਦੀ ਤੇ ਸਪਲਾਈ ਕਰਦੀ ਹੈ। ਆਈਏਆਈ ਦੇ ਸੀਈਓ ਤੇ ਮੁਖੀ ਨਿਮਰੌਦ ਸ਼ੈਫਰ ਨੇ ਕਿਹਾ ‘‘ ਆਈਏਆਈ ਦੀ ਭਾਰਤ ਨਾਲ ਸਾਂਝ ਬਹੁਤ ਪੁਰਾਣੀ ਹੈ ਜੋ ਸਾਂਝੇ ਤੌਰ ’ਤੇ ਸਿਸਟਮ ਵਿਕਾਸ ਤੇ ਨਿਰਮਾਣ ਦੇ ਰੂਪ ਵਿਚ ਸਾਹਮਣੇ ਆਈ ਹੈ।’’ -ਪੀਟੀਆਈ
World ਇਜ਼ਰਾਈਲ ਤੋਂ ਮਿਜ਼ਾਈਲਾਂ, ਡਿਫੈਂਸ ਸਿਸਟਮ ਤੇ ਜਹਾਜ਼ ਖਰੀਦੇਗਾ ਭਾਰਤ