ਕ੍ਰੋਏਸ਼ੀਆ ਦੇ ਵਿਸ਼ਵ ਕੱਪ ਟੀਮ ਦੇ ਮੈਂਬਰ ਅਤੇ ਸਾਬਕਾ ਮੈਨੇਜਰ ਇਗੋਰ ਸਟਿਮਕ ਦਾ ਭਾਰਤੀ ਫੁਟਬਾਲ ਟੀਮ ਦਾ ਮੁੱਖ ਕੋਚ ਬਣਨਾ ਤੈਅ ਹੈ ਕਿਉਂਕਿ ਏਆਈਐਫਐਫ ਦੀ ਤਕਨੀਕੀ ਕਮੇਟੀ ਨੇ ਅੱਜ ਇਸ ਅਹੁਦੇ ਲਈ ਉਸ ਦੇ ਨਾਮ ਦੀ ਸਿਫ਼ਾਰਿਸ਼ ਕੀਤੀ ਹੈ। ਵਿਸ਼ਵ ਕੱਪ 1998 ਵਿੱਚ ਤੀਜੇ ਸਥਾਨ ’ਤੇ ਰਹੀ ਕ੍ਰੋਏਸ਼ਿਆਈ ਟੀਮ ਦੇ ਮੈਂਬਰ 51 ਸਾਲਾ ਸਟਿਮਕ ਦੀ ਤਕਨੀਕੀ ਕਮੇਟੀ ਨੇ ਚੋਣ ਕੀਤੀ ਹੈ, ਜਿਸ ਨੇ ਅੱਜ ਚਾਰ ਉਮੀਦਵਾਰਾਂ ਦੀ ਇੰਟਰਵਿਊ ਲਈ ਸੀ। ਤਕਨੀਕੀ ਕਮੇਟੀ ਦੇ ਪ੍ਰਧਾਨ ਸ਼ਿਆਮ ਥਾਪਾ ਨੇ ਦੱਸਿਆ, ‘‘ਅਸੀਂ ਚਾਰ ਉਮੀਦਵਾਰਾਂ ਦੀ ਇੰਟਰਵਿਊ ਲੈਣ ਮਗਰੋਂ ਇਗੋਰ ਸਟਿਮਕ ਦਾ ਨਾਮ ਸਰਬ ਭਾਰਤੀ ਫੁਟਬਾਲ ਫੈਡਰੇਸ਼ਨ ਦੀ ਕਾਰਜਕਾਰੀ ਕਮੇਟੀ ਕੋਲ ਭੇਜਿਆ ਹੈ। ਅਸੀਂ ਉਨ੍ਹਾਂ ਨੂੰ ਭਾਰਤ ਦਾ ਕੋਚ ਬਣਨ ਲਈ ਸਭ ਤੋਂ ਯੋਗ ਪਾਇਆ।’’ ਏਆਈਐਫਐਫ ਸ਼ੁੱਕਰਵਾਰ ਨੂੰ ਸਟਿਮਕ ਦੀ ਨਿਯੁਕਤੀ ਦਾ ਅਧਿਕਾਰਤ ਐਲਾਨ ਕਰ ਸਕਦਾ ਹੈ। ਸਟਿਮਕ ਦਾ ਸ਼ੁਰੂ ਵਿੱਚ ਤਿੰਨ ਸਾਲ ਦਾ ਕਰਾਰ ਹੋ ਸਕਦਾ ਹੈ। ਕੋਚ ਵਜੋਂ ਉਸ ਦਾ ਪਹਿਲਾ ਕਾਰਜਕਾਲ ਥਾਈਲੈਂਡ ਵਿੱਚ ਹੋਣ ਵਾਲਾ ਕਿੰਗਜ਼ ਕੱਪ ਕੌਮਾਂਤਰੀ ਟੂਰਨਾਮੈਂਟ ਹੋਵੇਗਾ। ਸਟਿਮਕ ਦਾ ਭਾਰਤੀ ਕੋਚ ਵਜੋਂ ਪਹਿਲਾ ਮੈਚ ਕੈਰੇਬਿਆਈ ਦੇਸ਼ ਕੁਰਾਕਾਓ ਖ਼ਿਲਾਫ਼ ਹੋਵੇਗਾ। ਕਿੰਗਜ਼ ਕੱਪ ਦਾ ਇਹ ਮੈਚ ਪੰਜ ਜੂਨ ਨੂੰ ਥਾਈਲੈਂਡ ਦੇ ਬੁਰਿਰਾਮ ਵਿੱਚ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਤੋਂ ਪਹਿਲਾਂ 20 ਮਈ ਨੂੰ ਇੱਥੇ ਕੌਮੀ ਕੈਂਪ ਲਾਏ ਜਾਣ ਦੀ ਸੰਭਾਵਨਾ ਹੈ। ਸਟਿਮਕ ਇੱਕੋ-ਇੱਕ ਉਮੀਦਵਾਰ ਸੀ, ਜਿਸ ਨੇ ਖ਼ੁਦ ਹਾਜ਼ਰ ਹੋ ਕੇ ਇੰਟਰਵਿਊ ਦਿੱਤੀ, ਜਦੋਂਕਿ ਤਿੰਨ ਹੋਰ ਦੱਖਣੀ ਕੋਰੀਆ ਦੇ ਲੀ ਮਿਨ ਸੁੰਗ, ਸਪੇਨ ਦੇ ਅਲਬਰਟੋ ਕੋਸਟਾ ਅਤੇ ਸਵੀਡਨ ਦੇ ਹਾਕੇਨ ਐਰਿਕਸਨ ਨੇ ਸਕਾਈਪ ਰਾਹੀਂ ਇੰਟਰਵਿਊ ਦਿੱਤੀ। ਯੂਗੋਸਲਾਵੀਆ ਦੇ ਛੋਟੇ ਜਿਹੇ ਸ਼ਹਿਰ ਮੈਟਕੋਵਿਚ ਵਿੱਚ ਜਨਮੇ ਸਟਿਮਕ ਨੇ 1990 ਤੋਂ 2002 ਤੱਕ ਕ੍ਰੋਏਸ਼ੀਆ ਵੱਲੋਂ 53 ਕੌਮਾਂਤਰੀ ਮੈਚ ਖੇਡੇ ਹਨ। ਉਸ ਨੇ ਯੂਰੋ 1996 ਅਤੇ 1998 ਵਿਸ਼ਵ ਕੱਪ ਵਿੱਚ ਹਿੱਸਾ ਲਿਆ ਸੀ। ਇਸ ਤੋਂ ਪਹਿਲਾਂ ਉਸ ਨੇ ਯੁਗੋਸਲਾਵੀਆ ਅੰਡਰ-20 ਟੀਮ ਵੱਲੋਂ 14 ਮੈਚ ਖੇਡੇ ਸਨ।
Sports ਇਗੋਰ ਸਟਿਮਕ ਦਾ ਭਾਰਤੀ ਫੁਟਬਾਲ ਟੀਮ ਦਾ ਕੋਚ ਬਣਨਾ ਤੈਅ