ਇੰਗਲੈਂਡ ਖ਼ਿਲਾਫ਼ ਹਾਲ ਹੀ ਵਿਚ ਸਮਾਪਤ ਹੋਈ ਲੜੀ ਵਿਚ ਭਾਰਤ ਦੀ ਜਿੱਤ ’ਚ ਅਹਿਮ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਆਈਸੀਸੀ ਦੀ ਇਕ ਰੋਜ਼ਾ ਕੌਮਾਂਤਰੀ ਮਹਿਲਾ ਗੇਂਦਬਾਜ਼ਾਂ ਦੀ ਤਾਜ਼ਾ ਦਰਜਾਬੰਦੀ ਵਿਚ ਸਿਖ਼ਰਲੇ ਸਥਾਨ ’ਤੇ ਪਹੁੰਚ ਗਈ ਹੈ। ਫਰਵਰੀ 2017 ਵਿਚ ਵੀ ਸਿਖ਼ਰਲਾ ਸਥਾਨ ਹਾਸਲ ਕਰਨ ਵਾਲੀ 36 ਸਾਲਾ ਝੂਲਨ ਨੇ ਲੜੀ ਵਿਚ 8 ਵਿਕਟਾਂ ਝਟਕਾਈਆਂ, ਜਿਸ ਨਾਲ ਭਾਰਤੀ ਟੀਮ ਨੂੰ ਅੱਠ ਟੀਮਾਂ ਦੇ ਮੁਕਾਬਲੇ ਦੂਜੇ ਥਾਂ ’ਤੇ ਪੁੱਜਣ ਵਿਚ ਮਦਦ ਮਿਲੀ।
ਮੇਜ਼ਬਾਨ ਨਿਊਜ਼ੀਲੈਂਡ ਤੇ ਸਿਖ਼ਰਲੀਆਂ ਚਾਰ ਟੀਮਾਂ 2021 ਮਹਿਲਾ ਵਿਸ਼ਵ ਕੱਪ ਲੀ ਸਿੱਧੇ ਕੁਆਲੀਫਾਈ ਕਰਨਗੀਆਂ। ਤਾਜ਼ਾ ਰੈਂਕਿੰਗ ਵਿਚ ਆਸਟਰੇਲੀਆ ਤੇ ਨਿਊਜ਼ੀਲੈਂਡ ਵਿਚਾਲੇ ਹੋਈ ਲੜੀ ਦੇ ਨਤੀਜਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਆਸਟਰੇਲੀਆ ਨੇ ਨਿਊਜ਼ੀਲੈਂਡ ’ਤੇ 3-0 ਨਾਲ ਜਿੱਤ ਦਰਜ ਕਰ ਕੇ ਵਿਸ਼ਵ ਕੱਪ ਵਿਚ ਸਿੱਧਾ ਦਾਖ਼ਲਾ ਹਾਸਲ ਕਰਨ ਵੱਲ ਪਹਿਲਕਦਮੀ ਕੀਤੀ ਹੈ। ਟੀਮ 12 ਮੈਚਾਂ ਵਿਚ 22 ਅੰਕਾਂ ਨਾਲ ਸਿਖ਼ਰਲੇ ਸਥਾਨ ’ਤੇ ਹੈ। ਭਾਰਤ 15 ਮੈਚਾਂ ਵਿਚੋਂ 14 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਜਦਕਿ ਨਿਊਜ਼ੀਲੈਂਡ ਦੇ 15 ਮੈਚਾਂ ਵਿਚੋਂ 14 ਅੰਕ ਹਨ। ਸਾਬਕਾ ਜੇਤੂ ਇੰਗਲੈਂਡ 12 ਮੈਚਾਂ ਵਿਚੋਂ 12 ਅੰਕਾਂ ਨਾਲ ਦੱਖਣੀ ਅਫ਼ਰੀਕਾ ਤੋਂ ਬਾਅਦ ਪੰਜਵੇਂ ਸਥਾਨ ’ਤੇ ਹੈ।
ਝੂਲਨ ਦੀ ਜੋੜੀਦਾਰ ਗੇਂਦਬਾਜ਼ ਸ਼ਿਖਾ ਪਾਂਡੇ ਨੂੰ ਵੀ 12 ਸਥਾਨਾਂ ਦਾ ਫਾਇਦਾ ਮਿਲਿਆ ਹੈ ਤੇ ਉਹ ਪੰਜਵੇਂ ਸਥਾਨ ’ਤੇ ਹੈ। ਨੌਂ ਸਾਲਾਂ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਭਾਰਤ ਦੇ ਦੋ ਗੇਂਦਬਾਜ਼ ਸਿਖ਼ਰਲੇ ਪੰਜ ਵਿਚ ਸ਼ਾਮਲ ਹਨ। ਇਸ ਤੋਂ ਪਹਿਲਾਂ 2010 ਵਿਚ ਝੂਲਨ ਤੇ ਰੂਮੇਲੀ ਧਰ ਸਿਖ਼ਰਲੇ ਪੰਜਾਂ ਵਿਚ ਸਨ। ਮੌਜੂਦਾ ਆਈਸੀਸੀ ਮਹਿਲਾ ਚੈਂਪੀਅਨਸ਼ਿਪ ਵਿਚ 837 ਦੌੜਾਂ ਨਾਲ ਸਫ਼ਲ ਬੱਲੇਬਾਜ਼ ਖੱਬੇ ਹੱਥ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਕਰੀਅਰ ਦੇ ਸਰਵੋਤਮ 797 ਅੰਕ ਹਾਸਲ ਕਰ ਕੇ ਸਿਖ਼ਰਲੇ ਸਥਾਨ ’ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ।
ਇਸ ਤੋਂ ਪਹਿਲਾਂ 2012 ਵਿਚ ਵੀ ਭਾਰਤ ਦੇ ਹੀ ਖਿਡਾਰੀ ਇਕੋ ਸਮੇਂ ਬੱਲੇਬਾਜ਼ੀ ਤੇ ਗੇਂਦਬਾਜ਼ੀ ਵਿਚ ਸਿਖ਼ਰਲੇ ਸਥਾਨ ’ਤੇ ਸਨ। ਉਸ ਵੇਲੇ ਮਿਤਾਲੀ ਰਾਜ ਬੱਲੇਬਾਜ਼ਾਂ ਵਿਚੋਂ ਸਿਖ਼ਰ ’ਤੇ ਸੀ। ਸ੍ਰੀਲੰਕਾ ਖ਼ਿਲਾਫ਼ 16 ਮਾਰਚ ਤੋਂ ਸ਼ੁਰੂ ਹੋ ਰਹੀ ਲੜੀ ਵਿਚ ਇੰਗਲੈਂਡ 3-0 ਨਾਲ ਕਲੀਪ ਸਵੀਪ ਕਰ ਕੇ ਭਾਰਤ ਨੂੰ ਪਿੱਛੇ ਛੱਡ ਸਕਦਾ ਹੈ। ਸ੍ਰੀਲੰਕਾ ਦੀ ਟੀਮ 12 ਮੈਚਾਂ ਵਿਚ ਸਿਰਫ਼ ਇਕ ਜਿੱਤ ਨਾਲ ਆਖ਼ਰੀ ਸਥਾਨ ’ਤੇ ਹੈ। ਇਕ ਰੋਜ਼ਾ ਕੌਮਾਂਤਰੀ ਮੈਚਾਂ ਵਿਚ 218 ਵਿਕਟਾਂ ਨਾਲ ਸਭ ਤੋਂ ਸਫ਼ਲ ਗੇਂਦਬਾਜ਼ ਝੂਲਨ ਸਿਖ਼ਰਲੀ ਥਾਂ ਸਭ ਤੋਂ ਵੱਧ ਸਮਾਂ ਟਿਕੀ ਰਹਿਣ ਵਾਲੀ ਗੇਂਦਬਾਜ਼ ਵੱਜੋਂ ਰਿਕਾਰਡ ਬਣਾਉਣ ਦੇ ਨੇੜੇ ਹੈ। ਝੂਲਨ 1873 ਦਿਨਾਂ ਤੱਕ ਦੁਨੀਆ ਦੀ ਨੰਬਰ ਇਕ ਗੇਂਦਬਾਜ਼ ਰਹੀ ਹੈ। ਉਸ ਤੋਂ ਜ਼ਿਆਦਾ ਆਸਟਰੇਲੀਆ ਦੀ ਸਾਬਕਾ ਤੇਜ਼ ਗੇਂਦਬਾਜ਼ ਕੈਥਰੀਨ ਫ਼ਿਟਜ਼ਪੈਟਰਿਕ ਹੀ ਪਹਿਲੀ ਥਾਂ ’ਤੇ ਬਣੀ ਰਹੀ ਹੈ। ਕੈਥਰੀਨ 2113 ਦਿਨ ਪਹਿਲੇ ਨੰਬਰ ’ਤੇ ਰਹੀ ਸੀ।
Sports ਇਕ ਰੋਜ਼ਾ ਮਹਿਲਾ ਕ੍ਰਿਕਟ ਦਰਜਾਬੰਦੀ ’ਚ ਭਾਰਤ ਦੀ ਸਰਦਾਰੀ