ਇਕ ਪਰਿਵਾਰ, ਜਿਸ ਦੇ ਮੇਲ-ਫੀਮੇਲ ਕਰ ਰਹੇ ਨੇ ਬਲੈਕਮੇਲ

ਇਸ ਸ਼ਹਿਰ ਦੀ ‘ਗੁਰੂ ਤੇਗ ਤੇਜ਼ ਬਹਾਦੁਰ ਨਗਰ’ ਆਬਾਦੀ ਦੀ ਗਲੀ ਹਨੂੰਮਾਨ ਵਾਲੀ ਦਾ ਪਰਿਵਾਰ ਆਮ ਲੋਕਾਂ ਨੂੰ ਕਥਿਤ ਤੌਰ ’ਤੇ ਬਲੈਕਮੇਲ ਕਰਨ ਤੋਂ ਬਾਜ਼ ਨਹੀਂ ਆ ਰਿਹਾ| ਬੀਤੇ ਦਿਨ ਇਸ ਪਰਿਵਾਰ ਦੀਆਂ ਛੇ ਔਰਤਾਂ-ਮਰਦਾਂ ਸਣੇ ਕੁਲ 14-15 ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਨੇ ਤਿੰਨ ਹਫਤੇ ਪਹਿਲਾਂ ਦੋ ਜਣਿਆਂ ਨੂੰ ਬਲੈਕਮੇਲ ਕਰਕੇ ਉਨ੍ਹਾਂ ਕੋਲੋਂ ਹਜ਼ਾਰਾਂ ਰੁਪਏ ਅਤੇ ਸੋਨੇ ਦੇ ਗਹਿਣੇ ਲੁੱਟਣ ’ਤੇ ਧਾਰਾ 379-ਬੀ (2), 342, 347, 506 ਅਧੀਨ ਮਾਮਲਾ ਦਰਜ ਕੀਤਾ ਹੈ| ਇਵੇਂ ਇਸ ਪਰਿਵਾਰ ਦੀ ਅਗਵਾਈ ਵਾਲੇ ਗਰੋਹ ਖ਼ਿਲਾਫ਼ ਥਾਣਾ ਸਿਟੀ ਅੰਦਰ ਦਰਜ ਕੀਤੇ ਅਪਰਾਧਿਕ ਮਾਮਲਿਆਂ ਦੀ ਗਿਣਤੀ ਨੌਂ ਹੋ ਗਈ ਹੈ| ਇਹ ਸਾਰੇ ਮਾਮਲੇ ਬਲੈਕਮੇਲ ਕਰਨ ਤੇ ਧੋਖਾਧੜੀ ਦੇ ਹਨ| ਮੁਲਜ਼ਮਾਂ ਨੇ ਪੰਜ ਮਹੀਨੇ ਪਹਿਲਾਂ ਹੀ ਫੌਜੀ ਨੂੰ ਪਰਿਵਾਰ ਦੀ ਔਰਤ ਰਾਹੀਂ ਵਰਗਲਾ ਕੇ ਆਪਣੇ ਘਰ ਲਿਆਂਦਾ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਕੋਲੋਂ ਵੀ ਹਜ਼ਾਰਾਂ ਰੁਪਏ ਲਏ| ਬੀਤੇ ਦਿਨ ਦਰਜ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਏਐਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਵਿਚ ਪਰਿਵਾਰ ਦੀ ਮੈਂਬਰ ਵੀਰਾ ਸ਼ਰਮਾ, ਉਸ ਦਾ ਪਤੀ ਦਰਸ਼ਨ ਪ੍ਰਕਾਸ਼, ਲੜਕੇ ਲਲਿਤ ਕੁਮਾਰ ਤੇ ਮੁਨੀਸ਼ ਕੁਮਾਰ, ਨੂੰਹਾਂ ਸਿਮਰਨ ਅਤੇ ਕਿਰਨ, ਆਬਾਦੀ ਦੀ ਇਕ ਹੋਰ ਔਰਤ ਪਰਮਜੀਤ ਕੌਰ ਸੰਦੀਪ ਤੋਂ ਇਲਾਵਾ ਸੱਤ-ਅੱਠ ਅਣਪਛਾਤੇ ਵਿਅਕਤੀ ਸ਼ਾਮਲ ਹਨ| ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਸਾਜ਼ਿਸ਼ ਤਹਿਤ ਥਾਣਾ ਵਲਟੋਹਾ ਦੇ ਪਿੰਡ ਲਾਖਣਾ ਦੇ ਵਾਸੀ ਪ੍ਰਤਾਪ ਸਿੰਘ ਅਤੇ ਉਸ ਦੇ ਚਚੇਰੇ ਭਰਾ ਮਨਪ੍ਰੀਤ ਸਿੰਘ ਨੂੰ ਆਪਣੇ ਘਰ ਬੁਲਾਇਆ। ਮੁਲਜ਼ਮਾਂ ਨੇ ਉਨ੍ਹਾਂ ਨੂੰ ਚਾਹ-ਪਾਣੀ ਪਿਲਾਉਣ ਉਪਰੰਤ ਉਨ੍ਹਾਂ ਦੀ ਹਥਿਆਰਾਂ ਨਾਲ ਬੇਰਹਿਮੀ ਨਾਲ ਮਾਰ ਕੁੱਟ ਕੀਤੀ| ਮੁਲਜ਼ਮਾਂ ਨੇ ਪ੍ਰਤਾਪ ਸਿੰਘ ਦੇ ਤਾਂ ਕੱਪੜੇ ਤੱਕ ਉਤਾਰ ਦਿੱਤੇ ਅਤੇ ਮਨਪ੍ਰੀਤ ਸਿੰਘ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ| ਮੁਲਜ਼ਮਾਂ ਨੇ ਉਨ੍ਹਾਂ ਕੋਲੋਂ ਨੌਂ ਹਜ਼ਾਰ ਰੁਪਏ ਅਤੇ ਸੋਨੇ ਦੇ ਗਹਿਣੇ ਖੋਹ ਲਏ, ਮੋਟਰਸਾਈਕਲ ਦੀਆਂ ਚਾਬੀਆਂ ਅਤੇ ਰਜਿਸਟਰੇਸ਼ਨ ਸਰਟੀਫਿਕੇਟ (ਆਰਸੀ) ਵੀ ਆਪਣੇ ਕਬਜ਼ੇ ਵਿਚ ਕਰ ਲਈ| ਮੁਲਜ਼ਮਾਂ ਨੇ ਉਨ੍ਹਾਂ ਦੀ ਅਸ਼ਲੀਲ ਵੀਡੀਓ ਬਣਾ ਲਈ ਅਤੇ ਜਾਨੋਂ ਮਾਰ ਦੇਣ ਦੀ ਧਮਕੀ| ਉਨ੍ਹਾਂ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ 50,000 ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ, ਜਿਸ ਦੀ ਪੂਰਤੀ ਕਰਨ ਲਈ ਪ੍ਰਤਾਪ ਸਿੰਘ ਨੇ ਇਵੇਂ ਕਿਵੇਂ ਉਨ੍ਹਾਂ ਨੂੰ ਆਪਣੇ ਘਰੋਂ 20,000 ਰੁਪਏ ਮੰਗਵਾ ਕੇ ਦਿੱਤੇ| ਮੁਲਜ਼ਮ ਪੰਜ ਮਹੀਨੇ ਪਹਿਲਾਂ ਦੇ ਇਕ ਮਾਮਲੇ ਵਿਚ ਜ਼ਮਾਨਤ ’ਤੇ ਰਿਹਾਅ ਹੋ ਕੇ ਜੇਲ੍ਹ ਵਿਚੋਂ ਆਏ ਹਨ| ਤਫਤੀਸ਼ੀ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਫ਼ਰਾਰ ਹਨ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਛਾਪੇ ਜਾਰੀ ਹਨ। ਗਰੋਹ ਦੇ ਸਰਗਨਾ ਪਰਿਵਾਰ ਦੇ ਘਰ ਨੂੰ ਤਾਲਾ ਲੱਗਾ ਹੋਇਆ ਹੈ| ਮੁਲਜ਼ਮਾਂ ਦਾ ਆਬਾਦੀ ਅੰਦਰ ਆਲੀਸ਼ਾਨ ਦੋ ਮੰਜ਼ਿਲਾ ਮਕਾਨ ਹੈ ਪਰ ਉਨ੍ਹਾਂ ਦਾ ਕੋਈ ਕੰਮ-ਧੰਦਾ ਨਹੀਂ ਹੈ| ਜਦੋਂ ਪੱਤਰਕਾਰ ਮੁਲਜ਼ਮਾਂ ਦੇ ਘਰ ਗਿਆ ਤਾਂ ਉਸ ਦੇ ਮੁੱਖ ਦਰਵਾਜ਼ੇ ਨੂੰ ਤਾਂ ਬਾਹਰੋਂ ਤਾਲਾ ਲੱਗਾ ਸੀ ਪਰ ਘਰ ਦੇ ਅੰਦਰੋਂ ਕੋਈ ਵਿਅਕਤੀ ਦਰਵਾਜ਼ੇ ਦਾ ਤਾਲਾ ਖੋਲ੍ਹਣ ਲਈ ਆਪਣਾ ਹੱਥ ਬਾਹਰ ਕਰਕੇ ਚਾਬੀ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ| ਇਸ ਤੋਂ ਇਸ ਮਾਮਲੇ ਵਿੱਚ ਪੁਲੀਸ ਦੀ ਕਥਿਤ ਅਣਗਹਿਲੀ ਸਾਬਤ ਹੋ ਰਹੀ ਹੈ। ਆਬਾਦੀ ਵਾਸੀਆਂ ਨੇ ਮੁਲਜ਼ਮ ਪਰਿਵਾਰ ਦੀਆਂ ਗਤੀਵਿਧੀਆਂ ਖ਼ਿਲਾਫ਼ ਤਰ੍ਹਾਂ ਤਰ੍ਹਾਂ ਦੀਆਂ ਕਈ ਗੱਲਾਂ ਕੀਤੀਆਂ, ਜਿਸ ਲਈ ਉਨ੍ਹਾਂ ਪੁਲੀਸ ਖ਼ਿਲਾਫ਼ ਵੀ ਗੁੱਸੇ ਦਾ ਇਜ਼ਹਾਰ ਕੀਤਾ ਹੈ| ਮਾਮਲੇ ਦੇ ਤਫ਼ਤੀਸ਼ੀ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਮੁੱਢਲੀ ਜਾਂਚ ਕਰਦਿਆਂ ਤਿੰਨ ਹਫਤੇ ਲੱਗ ਗਏ, ਜਿਸ ਕਰਕੇ ਕੇਸ ਦਰਜ ਕਰਨ ਵਿਚ ਦੇਰੀ ਹੋ ਗਈ|

Previous articleਮਨੁੱਖੀ ਅਧਿਕਾਰ ਸੰਸਥਾ ਦੇ ਆਗੂ ’ਤੇ ਹਮਲੇ ਦੇ ਮਾਮਲੇ ਵਿਚ ਦੋ ਗ੍ਰਿਫ਼ਤਾਰ
Next articleIn support of Sujatha Surepally, BSP candidate from Chennur, Telangana