ਇਕ ਕਰੋਨਾਵਾਇਰਸ ਦੀ ਮਾਰ, ਲੋੜਵੰਦ ਵਿਤਕਰੇ ਦੇ ਸ਼ਿਕਾਰ

ਪਿੰਡ ਭਰੋਵਾਲ ਦੇ ਲੋਕਾਂ ਵੱਲੋਂ ਸਰਕਾਰੀ ਰਾਸ਼ਨ ਦੀ ‘ਕਾਣੀ ਵੰਡ’ ਦਾ ਦੋਸ਼

ਸ੍ਰੀ ਗੋਇੰਦਵਾਲ ਸਾਹਿਬ (ਸਮਾਜਵੀਕਲੀ)ਕਰੋਨਾਵਾਇਰਸ ਤੋਂ ਬਚਾਅ ਸਬੰਧੀ ਪ੍ਰਸ਼ਾਸਨ ਵੱਲੋਂ ਕੀਤੀ ਸਖਤੀ ਦੇ ਚੱਲਦਿਆਂ ਜਿੱਥੇ ਅਨੇਕਾਂ ਲੋਕ ਮੁਸ਼ਕਿਲਾਂ ਨਾਲ ਜੂਝ ਰਹੇ ਹਨ ਉੱਥੇ ਹੀ ਸਰਕਾਰ ਵੱਲੋਂ ਆਮ ਲੋਕਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਜਤਾਇਆ ਜਾ ਰਿਹਾ ਹੈ ਪਰ ਇਹ ਭਰੋਸਾ ਹਲਕਾ ਖਡੂਰ ਸਾਹਿਬ ਦੇ ਪਿੰਡ ਭਰੋਵਾਲ ਦੇ ਸੌ ਦੇ ਕਰੀਬ ਦਲਿਤ ਪਰਿਵਾਰਾਂ ਦੇ ਰਾਸ਼ਨ ਦਾ ਜੁਗਾੜ ਨਾ ਕਰ ਸਕਿਆ।

ਇਸ ਦੇ ਚੱਲਦਿਆਂ ਮੁਹੱਲਾ ਬਾਜੀਗਰ ਦੇ ਸੌ ਪਰਿਵਾਰਾਂ ਵੱਲੋਂ ਸਰਕਾਰ ਅਤੇ ਪਿੰਡ ਦੇ ਕਾਂਗਰਸੀ ਸਰਪੰਚ ਖਿਲਾਫ ਨਾਅਰੇਬਾਜ਼ੀ ਕਰਦਿਆਂ ਇਸ ਮੁਸ਼ਕਿਲ ਦੀ ਘੜੀ ਵਿੱਚ ਕੋਈ ਸਹਾਇਤਾ ਨਾ ਦੇਣ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਇਕੱਤਰ ਹੋਏ ਪਿੰਡ ਵਾਸੀਆਂ ਉਂਕਾਰ ਸਿੰਘ, ਸੁੱਖਾ ਸਿੰਘ, ਧਨਵੰਤ ਸਿੰਘ, ਹਰਦੇਵ ਸਿੰਘ, ਕਮਲਜੀਤ ਸਿੰਘ, ਪਰਮਜੀਤ ਕੌਰ, ਮਹਿੰਦਰ ਕੌਰ, ਹਰਭਜਨ ਕੌਰ ਆਦਿ ਨੇ ਦੱਸਿਆ ਕਿ ਪਿੰਡ ਦੇ 100 ਦਲਿਤ ਪਰਿਵਾਰ ਕਰਫਿਊ ਦੇ ਮੱਦੇਨਜ਼ਰ ਘਰਾਂ ਵਿੱਚ ਬੰਦ ਹਨ ਜਿਨ੍ਹਾਂ ਦੀ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਮਿੰਟੂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ।

ਸਾਰੇ ਪਰਿਵਾਰ ਦਿਹਾੜੀ ਦੱਪਾ ਕਰਨ ਵਾਲੇ ਹਨ ਜਿਨ੍ਹਾਂ ਨੂੰ ਪੱਖਪਾਤ ਦੇ ਚੱਲਦਿਆਂ ਕੋਈ ਵੀ ਸਰਕਾਰ ਵੱਲੋਂ ਭੇਜੀ ਗਈ ਰਾਸ਼ਨ ਸਮੱਗਰੀ ਨਹੀਂ ਦਿੱਤੀ ਗਈ। ਮੁਹੱਲਾ ਵਾਸੀਆਂ ਨੇ ਸਰਪੰਚ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪਿੰਡ ਵਿੱਚ ਪ੍ਰਸ਼ਾਸਨ ਵੱਲੋਂ ਜੋ ਵੀ ਸਹਾਇਤਾ ਆਈ ਹੈ, ਉਹ ਸਹਾਇਤਾ ਸਰਪੰਚ ਸਿਰਫ਼ ਚਹੇਤਿਆਂ ਨੂੰ ਵੰਡ ਰਿਹਾ ਹੈ। ਪਿੰਡ ਵਾਸੀਆਂ ਨੇ ਕੈਪਟਨ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਪਿੰਡ ਭਰੋਵਾਲ ਦੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਮੁਹੱਈਆ ਕਰਵਾਈ ਜਾਵੇ ਅਤੇ ਉਹ ਰਾਸ਼ਨ ਸਮੱਗਰੀ ਦੀ ਵੰਡ ਸਿਫਰ ਸਰਕਾਰੀ ਅਮਲਾ ਹੀ ਕਰੇ ਨਾ ਕਿ ਸਿਆਸੀ ਆਗੂ।

Previous articleJeevika workers make 5.88 lakh face masks in Bihar
Next articleMayawati for action against BJP MP for assault on Dalit official