ਇਕੱਲੀਆਂ ਤੁਰੀਆਂ ਸਨ ਮੰਜ਼ਿਲ ਵੱਲ, ਸਹੇਲੀਆਂ ਮਿਲਦੀਆਂ ਗਈਆਂ ਤੇ ਕਾਫ਼ਿਲਾ ਬਣਦਾ ਗਿਆ

ਪਿੰਡ ਭੋਤਨਾ ਦੀਆਂ ਔਰਤਾਂ ਨੇ ਜਦੋਂ ਘਰ ਦੀ ਤੰਗੀ-ਤੁਰਸ਼ੀ ਦੂਰ ਕਰਨ ਲਈ ਬਾਹਰ ਪੈਰ ਪੁੱਟਿਆ ਤਾਂ ਕਿਸੇ ਨੂੰ ਵੀ ਇਲਮ ਨਹੀਂ ਸੀ ਕਿ ਇਹ ਤੁਰੀਆਂ ਇਕੱਲੀਆਂ ਨੇ ਪਰ ਕੁੱਝ ਸਮੇਂ ਬਾਅਦ ਇਹ ਕਾਫ਼ਿਲਾ ਬਣ ਜਾਵੇਗਾ। ਉਨ੍ਹਾਂ ਦੇ ਹੱਥਾਂ ਦੇ ਹੁਨਰ ਦਾ ਹਰ ਕੋਈ ਕਾਇਲ ਹੋ ਜਾਵੇਗਾ। ਔਰਤਾਂ ਵਲੋਂ ਤਿਆਰ ਕੀਤਾ ਜੈਵਿਕ ਆਚਾਰ, ਮੁਰੱਬਾ ਅਤੇ ਹੋਰ ਕਈ ਖਾਦ ਪਦਾਰਥ ਨਾ ਸਿਰਫ਼ ਸੂਬਾ ਸਗੋਂ ਰਾਸ਼ਟਰੀ ਪੱਧਰ ’ਤੇ ਮਸ਼ਹੂਰ ਹੋ ਗਏ। ਇਸ ਤੋਂ ਇਲਵਾ ਇਨ੍ਹਾਂ ਔਰਤਾਂ ਨੇ ਇਲਾਕੇ ਦੇ 2000 ਪਰਿਵਾਰਾਂ ਨੂੰ ਘਰੇਲੂ ਬਗੀਚੀ ਲਾਉਣ ਲਈ ਉਤਸ਼ਾਹਿਤ ਕੀਤਾ।
ਪਿੰਡ ਤੋਂ ਸ਼ੁਰੂ ਕਰ ਕੇ ਇਹ ਵੱਖ ਵੱਖ ਮੇਲਿਆਂ ਵਿੱਚ ਆਪਣਾ ਬਣਾਇਆ ਸਾਮਾਨ ਲੈ ਕੇ ਜਾਣ ਲੱਗੀਆਂ, ਜਿਥੇ ਇਨ੍ਹਾਂ ਨੂੰ ਚੰਗਾ ਹੁੰਗਾਰਾ ਮਿਲਿਆ। ਹੁਣ ਇਨ੍ਹਾਂ ਵਲੋਂ ਵੱਖ-ਵੱਖ ਤਰਾਂ ਦੇ ਪਦਾਰਥ ਤਿਆਰ ਕਰਕੇ ਦਿੱਲੀ, ਅਹਿਮਦਾਬਾਦ ਤੇ ਮੁਬੰਈ ਸਮੇਤ ਹੋਰ ਵੱਡੇ ਮੇਲਿਆਂ ਵਿੱਚ ਆਪਣੀਆਂ ਦੁਕਾਨਾਂ ਸਜਾਈਆਂ ਜਾਂਦੀਆਂ ਹਨ। ਇਥੋਂ ਇਨ੍ਹਾਂ ਨੂੰ ਚੰਗੀ ਕਮਾਈ ਹੋ ਰਹੀ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਔਰਤਾਂ ਵਲੋਂ ਤਿਆਰ ਕੀਤਾ ਜਾਂਦਾ ਸਾਰਾ ਸਾਮਾਨ ਕੁਦਰਤੀ ਤਰੀਕੇ ਨਾਲ ਉਗਾਇਆ ਜਾਂਦਾ ਹੈ।
ਗਰੁੱਪ ਵਿੱਚ 10 ਔਰਤਾਂ ਮੈਂਬਰ ਹਨ ਅਤੇ 4 ਮੈਂਬਰ ਜ਼ਿਆਦਾ ਕੰਮ ਕਰਦੀਆਂ ਹਨ। ਪੂਰੇ ਦੇਸ਼ ਭਰ ਦੇ ਮੇਲਿਆਂ ’ਚ ਉਨ੍ਹਾਂ ਦਾ ਸਾਮਾਨ ਪਹਿਲ ਦੇ ਆਧਾਰ ’ਤੇ ਖ਼ਰੀਦਿਆ ਜਾ ਰਿਹਾ ਹੈ। ਅੰਬ, ਨਿੰਬੂ, ਕਰੇਲੇ, ਕਿੱਕਰਾਂ ਦੇ ਤੁੱਕੇ, ਮਿਰਚਾਂ ਸਮੇਤ ਵੱਖ ਵੱਖ ਤਰਾਂ ਦੇ ਆਚਾਰ ਬਣਾਉਂਦੀਆਂ ਹਨ। ਮੋਠ, ਬਾਜਰੇ ਦੀ ਖਿਚੜੀ, ਰਬੜੀ, ਜਵਾਰ ਦੇ ਭੂਤਪਿੰਨੇ, ਮੱਕੀ ਦੀ ਰੋਟੀ-ਸਰ੍ਹੋਂ ਦਾ ਸਾਗ ਬਣਾ ਕੇ ਮੇਲਿਆਂ ’ਤੇ ਦੁਕਾਨਾਂ ਲਗਾਈਆਂ ਜਾਂਦੀਆਂ ਹਨ।ਸੁਖਮਨੀ ਹੈੱਲਪ ਗਰੁੱਪ ਦੀ ਸੰਚਾਲਕ ਅਮਰਜੀਤ ਕੌਰ ਨੇ ਦੱਸਿਆ ਕਿ 2006 ਤੋਂ ਖੇਤੀ ਵਿਰਾਸਤ ਮਿਸ਼ਨ ਨਾਲ ਜੁੜੇ ਸੀ। ਸਰਵੇ ਕੀਤਾ ਕਿ ਬਜ਼ੁਰਗਾਂ ਦੀ ਤੰਦਰੁਸਤੀ ਦਾ ਕੀ ਰਾਜ਼ ਹੈ, ਜਿਸ ਤੋਂ ਬਾਅਦ ਮੋਟੇ ਅਨਾਜਾਂ ’ਤੇ ਕੰਮ ਕਰਨ ਸਮੇਤ ਖਾਣੇ ਬਣਾਉਣ ਦਾ ਕੰਮ ਸ਼ੁਰੂ ਕੀਤਾ। ਇਸ ਤੋਂ ਬਾਅਦ ਸੁਖਮਨੀ ਗਰੁੱਪ ਬਣਾਇਆ ਅਤੇ ਆਚਾਰ-ਮੁਰੱਬੇ ਦਾ ਕੰਮ ਸ਼ੁਰੂ ਕੀਤਾ। ਇਸ ਤੋਂ ਇਲਾਵਾ ਇਨ੍ਹਾਂ ਔਰਤਾਂ ਵਲੋਂ ਲੋਕਾਂ ਨੂੰ ਕੁਦਰਤੀ ਤਰੀਕੇ ਨਾਲ ਘਰੇਲੂ ਬਗ਼ੀਚੀ ਉਗਾਉਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਕਮਲਜੀਤ ਕੌਰ ਭੋਤਨਾ ਨੇ ਦੱਸਿਆ ਕਿ 2011 ਤੋਂ ਕੁਦਰਤੀ ਘਰੇਲੂ ਬਗ਼ੀਚੀ ਦਾ ਕੰਮ ਸ਼ੁਰੂ ਕੀਤਾ। ਘਰੇਲੂ ਬਗ਼ੀਚੀ ਵਿੱਚ ਬਿਨਾਂ ਕੀਟਨਾਸ਼ਕ ਵਰਤੇ ਸਬਜ਼ੀਆਂ ਉਗਾਈਆਂ ਜਾ ਰਹੀਆਂ ਹਨ। ਹੁਣ ਤੱਕ 5 ਪਿੰਡਾਂ ਵਿੱਚ 2000 ਤੋਂ ਵਧੇਰੇ ਪਰਿਵਾਰਾਂ ਨੂੰ ਘਰੇਲੂ ਬਗ਼ੀਚੀ ਨਾਲ ਜੋੜਿਆ ਜਾ ਚੁੱਕਾ ਹੈ।
ਇਨ੍ਹਾਂ ਔਰਤਾਂ ਨੂੰ ਕੇਂਦਰ ਸਰਕਾਰ ਵਲੋਂ ਬੀਤੇ ਦਿਨੀਂ ਦਿੱਲੀ ਵਿਖੇ ਕਰਵਾਏ ਗਏ ਕੁਦਰਤੀ ਖੇਤੀ ਦੇ ਮੇਲੇ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਬਾ ਅਤੇ ਜ਼ਿਲਾ ਪੱਧਰ ’ਤੇ ਵੀ ਕਈ ਸਨਮਾਨ ਮਿਲ ਚੁੱਕੇ ਹਨ।

Previous articleਅਜਿਹਾ ਕੋਈ ਮੁਲਕ ਨਹੀਂ ਜੋ ਸਾਰਿਆਂ ਨੂੰ ਜੀ ਆਇਆਂ ਆਖੇ: ਜੈਸ਼ੰਕਰ
Next articleਅਟਾਰੀ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਦੇਖਣ ਜਾਂਦੇ ਸੈਲਾਨੀ ਵਾਪਸ ਮੋੜੇ