ਨਵੀਂ ਦਿੱਲੀ (ਸਮਾਜਵੀਕਲੀ): ਛੁੱਟੀ ਜਾਂ ਆਰਜ਼ੀ ਤਾਇਨਾਤੀ ਤੋਂ ਵਾਪਸ ਆਉਣ ਵਾਲੇ ਭਾਰਤੀ ਹਥਿਆਰਬੰਦ ਬਲਾਂ ਨਾਲ ਸਬੰਧਤ ਅਮਲੇ, ਜੇਕਰ ਉਨ੍ਹਾਂ ਵਿੱਚ ਕਰੋਨਾਵਾਇਰਸ ਦੇ ਲੱਛਣ ਨਹੀਂ ਹਨ, ਨੂੰ ਹੁਣ ਇਕਾਂਤਵਾਸ ਵਕਫ਼ੇ ਤੋਂ ਪਹਿਲਾਂ, ਦੌਰਾਨ ਜਾਂ ਮਗਰੋਂ ਕੋਵਿਡ-19 ਟੈਸਟ ਨਹੀਂ ਕਰਵਾਉਣਾ ਹੋਵੇਗਾ।
ਇਹ ਦਾਅਵਾ ਡਾਇਰੈਕਟਰ ਜਨਰਲ ਆਰਮਡ ਫੋਰਸਿਜ਼ ਮੈਡੀਕਲ ਸੇਵਾਵਾਂ ਵੱਲੋਂ ਜਾਰੀ ਨਵੀਆਂ ਸੇਧਾਂ ਵਿੱਚ ਕੀਤਾ ਗਿਆ ਹੈ, ਜਿਨ੍ਹਾਂ ਦਾ ਮੁੱਖ ਮੰਤਵ ਹਥਿਆਰਬੰਦ ਬਲਾਂ ’ਚ ਕਰੋਨਾਵਾਇਰਸ ਦੇ ਫੈਲਾਅ ਨੂੰ ਠੱਲ੍ਹਣਾ ਹੈ। ਫੌਜ ਦੇ ਤਰਜਮਾਨ ਕਰਨਲ ਅਮਨ ਆਨੰਦ ਨੇ ਕਿਹਾ, ‘ਸੋਧੀ ਹੋਈ ਨੀਤੀ ਮੁਤਾਬਕ ਭਾਰਤੀ ਥਲ ਸੈਨਾ ਦੇ ਅਮਲੇ ਨੂੰ ਛੁੱਟੀ ਤੋਂ ਪਰਤਣ ਜਾਂ ਆਰਜ਼ੀ ਤਾਇਨਾਤੀ/ਸਥਾਈ ਪੋਸਟਿੰਗ ’ਤੇ ਰਿਪੋਰਟ ਕਰਨ ਮੌਕੇ ਲਾਜ਼ਮੀ 14 ਦਿਨਾਂ ਲਈ ਇਕਾਂਤਵਾਸ ’ਚ ਜਾਣਾ ਹੋਵੇਗਾ।
ਜੇਕਰ ਉਨ੍ਹਾਂ ਵਿੱਚ ਕਰੋਨਾ ਦਾ ਕੋਈ ਲੱਛਣ ਨਹੀਂ ਹੈ ਤਾਂ ਇਕਾਂਤਵਾਸ ਤੋਂ ਪਹਿਲਾਂ, ਦੌਰਾਨ ਜਾਂ ਮਗਰੋਂ ਉਨ੍ਹਾਂ ਦਾ ਕੋਈ ਟੈਸਟ ਨਹੀਂ ਕੀਤਾ ਜਾਵੇਗਾ।’ ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਵਿੱਚ ਸੁਰੱਖਿਆ ਬਲਾਂ ਨੂੰ ਜੇਕਰ ਦੇਸ਼ ਹਿੱਤ ਵਿੱਚ ਜ਼ਰੂਰੀ ਨਾ ਹੋਵੇ ਤਾਂ ਵੱਧ ਤੋਂ ਵੱਧ ਸੱਤ ਘੰਟੇ ਦੇ ਛੋਟੇ ਵਕਫ਼ਿਆਂ ਲਈ ਹੀ ਡਿਊਟੀ ’ਤੇ ਤਾਇਨਾਤ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਗਈ ਹੈ।