(ਸਮਾਜ ਵੀਕਲੀ)
*ਸਿਆਣੇ ਕਹਿੰਦੇ ਹਨ ਕਿ ਜਦੋਂ ਧਰਮ ਦਾ ਬੁਰਕਾ ਪਾ ਕੇ ਕੋਈ ਆਜ਼ਾਦੀ ਦੀਆਂ ਗੱਲਾਂ ਕਰੇ ਤਾਂ ਆਪਣੇ ਹੱਥ ਕੱਛਾਂ ਵਿੱਚ ਦੇਈ ਰੱਖੋ। ਹੱਥ ਕੱਟਣ ਵਾਲ੍ਹੇ ਛੁਰੇ ਬਹੁਤ ਤਿੱਖੇ ਹੁੰਦੇ ਹਨ। ਧਰਮ ਦੀ ਆੜ ਹੇਠ ਲੱਗੀ ਲੜਾਈ ਦਾ ਬਹੁਤ ਨੁਕਸਾਨ ਹੁੰਦਾ ਹੈ। ਦਿਮਾਗ਼ੋਂ ਪੈਦਲ ਮੁੰਢੀਹਰ ਹੁਣ ਹਲ਼ਕੇ ਕੁੱਤੇ ਵਾਂਗੂੰ ਵੱਢਣ ਨੂੰ ਫਿਰਦੀ ਹੈ।*
*ਸਰਕਾਰੀ ਬੂਟ ਹੁਣ ਫੇਰ ਕਰਨਗੇ ਕਵਾਇਦ ਤੇ ਫੇਰ ਖੇਡਣਗੇ ਸ਼ਿਕਾਰ। ਪੰਜਾਬ ਨੂੰ ਫੇਰ ਜੰਗ ਦਾ ਮੈਦਾਨ ਬਣਾਉਣ ਦੀਆਂ ਤਿਆਰੀਆਂ ਚੱਲ ਪਈਆਂ ਹਨ। ਗਰੀਬ ਗੁਰਬੇ ਨੂੰ ਹੁਣ ਆਪਣਾ ਬਚਾਅ ਕਰਨ ਦੀ ਲੋੜ ਹੈ ਕਿਉਂਕਿ ਉਹਨਾਂ ਲਈ ਮੁੱਖ ਮਸਲਾ ਕੁੱਲੀ, ਗੁੱਲੀ ਤੇ ਜੁੱਲੀ ਦਾ ਹੈ। ਪਰ ਧਰਮ ਦਾ ਦੈਂਤ ਹੁਣ ਫਿਰ ਦਹਾੜ ਰਿਹਾ ਹੈ। ਭਗਤ ਸਿੰਘ ਵਰਗੀਆਂ ਪੱਗਾਂ ਬੰਨ੍ਹ ਕੇ ਜਾਂ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾ ਕੇ ਇਨਕਲਾਬੀ ਹੋਣ ਦਾ ਭਰਮ ਤਾਂ ਪਾਲ੍ਹਿਆ ਜਾ ਸਕਦਾ ਹੈ ਪਰ ਭਗਤ ਸਿੰਘ ਵਰਗੀ ਸੋਚ ਪੈਦਾ ਨਹੀਂ ਕੀਤੀ ਜਾ ਸਕਦੀ।*
*ਪਾਣੀ ਹਮੇਸ਼ਾ ਨੀਵੇਂ ਪਾਸੇ ਵੱਲ ਵਗਦਾ ਹੈ, ਮਾੜੀ ਧਾੜ ਚਮਾਰਾਂ ਤੇ ਹੁੰਦੀ ਹੈ। ਤਕੜੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ।ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ ਹੁੰਦਾ ਹੈ।ਸਦੀਆਂ ਤੋਂ ਇਹੀ ਵਰਤਾਰਾ ਵਰਤਦਾ ਆ ਰਿਹਾ ਹੈ।*
*_ਅਨਪੜ੍ਹ ਤੇ ਅੰਨਪਾੜ_” ਮਹਿਕਮਾ ਹਮੇਸ਼ਾ ਤਸ਼ੱਦਦ ਝੱਲਦਾ ਹੈ। ਕੁਰਬਾਨੀਆਂ ਵੀ ਇਹੋ ਲੋਕ ਦੇਦੇ ਹਨ।*
*ਤਾਕਤਵਰ ਹਮੇਸ਼ਾ ਲੁੱਟਮਾਰ ਕਰਦੇ ਹਨ।*
*ਹੁਣ ਪੰਜਾਬ ਨੂੰ ਇੱਕ ਵਾਰ ਫੇਰ ਬਲਦੀ ਦੇ ਬੂਥੇ ਧੱਕਿਆ ਜਾ ਰਿਹਾ ਹੈ। ਫੇਸ ਬੁੱਕੀ ਸੂਰਮਿਆਂ ਦੇ ਵੱਗਾਂ ਵੱਲੋਂ ਲੋਕਾਂ ਨੂੰ ਡਰਾਇਆ ਤੇ ਧਮਕਾਇਆ ਜਾ ਰਿਹਾ ਹੈ। ਬੁੱਧੀਜੀਵੀ ਵਰਗ ਨੇ ਹਮੇਸ਼ਾ ਦੀ ਤਰ੍ਹਾਂ ਕਿਸੇ ਬੀਬੇ ਰਾਣੇ ਵਾਂਙੂੰ ਚੁੱਪ ਧਾਰੀ ਹੋਈ ਹੈ। ਸੋਸ਼ਲ ਮੀਡੀਆ ਚਟਪਟਾ ਮਸਾਲੇਦਾਰ ਤੜਕਾ ਲਾ ਕੇ ਜ਼ਹਿਰ ਵੰਡਣ ਲੱਗਿਆ ਹੋਇਆ ਹੈ। ਹਾਲਾਤ ਫੇਰ ਉਹੀ ਚਾਰ ਦਹਾਕੇ ਪਹਿਲਾਂ ਵਾਲ੍ਹੇ ਬਣਾਏ ਜਾਣ ਦੀਆਂ ਕੰਨਸੋਆਂ ਹਨ। ਉਦੋਂ ਵੀ ਸਿੱਖਾਂ ਦੀ ਗੁਲਾਮੀ ਦਾ ਜੂਲ਼ਾ ਗਲ਼ੋਂ ਲਾਹੁਣ ਕੋਈ ਆਇਆ ਸੀ। ਹੁਣ ਫੇਰ ਉਹੀ ਕੁੱਝ ਦੁਰਹਾਇਆ ਜਾ ਰਿਹਾ ਹੈ। ਸਮਾਂ ਬਦਲ ਗਿਆ ਹੈ ਪਰ ਸੋਚ ਉੱਕਾ ਨਹੀਂ ਬਦਲੀ। ਫੇਰ ਸਿਵਿਆਂ ਦੇ ਰਾਹ ਪੈਣ ਦੀ ਤਿਆਰੀ ਹੈ।*
*ਭਰਾ ਮਾਰੂ ਜੰਗ ਵਿੱਚੋਂ ਬਚੇਗਾ ਕੌਣ ਤੇ ਇਸ ਵਿੱਚੋਂ ਖੱਟੀ ਕੌਣ ਕੌਣ ਖੱਟੇਗਾ ?*
*ਇਤਿਹਾਸ ਦਾ ਪਹੀਆ ਹੁਣ ਫੇਰ ਪੁੱਠਾ ਘੁਮਾਇਆ ਜਾ ਰਿਹਾ ਹੈ।*
*ਕਬੀਰ ਜੀ ਦਾ ਸਲੋਕ ਹੈ:—*
*ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥੨੨॥ {ਪੰਨਾ ੧੩੬੫}*
*ਬਿਨ ਮਰੇ ਸਵਰਗ ਨਹੀਂ ਦੇਖਿਆ ਜਾ ਸਕਦਾ।*
*ਸਵਰਗ ਜਾਣ ਲਈ ਬੁਕਿੰਗ ਸ਼ੁਰੂ ਹੈ।*
*ਕੌਣ ਕੌਣ ਸਵਰਗ ਦੇਖਣ ਦਾ ਇੱਛੁਕ ਹੈ ??*
ਬੁੱਧ ਸਿੰਘ ਨੀਲੋੰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly