ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਤਪਾ ਦਾ ਘਿਰਾਓ ਕੀਤਾ ਗਿਆ। ਯੂਨੀਅਨ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਮਹਿਤਾ ਨੇ ਦੋਸ਼ ਲਾਇਆ ਕਿ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਨਾਲ ਮਿਲੀਭੁਗਤ ਹੈ। ਇਸ ਕਰਕੇ ਕਮੇਟੀ ਦੇ ਅਹੁਦੇਦਾਰ ਆੜ੍ਹਤੀਆਂ ਖ਼ਿਲਾਫ਼ ਕਿਸਾਨਾਂ ਵੱਲੋਂ ਕੀਤੀਆਂ ਸ਼ਿਕਾਇਤਾਂ ’ਤੇ ਕੋਈ ਵੀ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਨੂੰ ਬਚਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਮਹਿਤਾ ਦੇ ਖ਼ਰੀਦ ਕੇਂਦਰ ਵਿਚ ਇੱਕ ਆੜ੍ਹਤੀਏ ਨੂੰ ਜ਼ੀਰੀ ਵੱਧ ਤੋਲਦੇ ਰੰਗੇ ਹੱਥੀਂ ਫੜਿਆ ਗਿਆ ਸੀ। ਇਸ ਦੀ ਸ਼ਿਕਾਇਤ ਮਾਰਕੀਟ ਕਮੇਟੀ ਨੂੰ ਕਰ ਦਿੱਤੀ ਗਈ ਸੀ ਪਰ ਕਮੇਟੀ ਨੇ ਉਸ ਆੜ੍ਹਤੀਏ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਯੂਨੀਅਨ ਦੀ ਮੰਗ ਹੈ ਕਿ ਉਸ ਆੜ੍ਹਤੀਏ ਦਾ ਲਾਇਸੈਂਸ ਰੱਦ ਕਰ ਕੇ ਉਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਦਿਵਾਇਆ ਜਾਵੇ ਜਿਨ੍ਹਾਂ ਦੀ ਜ਼ੀਰੀ ਵੱਧ ਤੋਲੀ ਗਈ ਸੀ। ਇਸੇ ਤਰ੍ਹਾਂ ਖ਼ਰੀਦ ਕੇਂਦਰ ਬੱਲ੍ਹੋ ਦੇ ਇੱਕ ਆੜ੍ਹਤੀਏ ਖ਼ਿਲਾਫ਼ ਵੀ ਯੂਨੀਅਨ ਨੇ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾਇਆ ਸੀ ਪਰ ਉਸ ਵਿਰੁੱਧ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਕਿਸਾਨ ਯੂਨੀਅਨ ਨੇ ਮਾਰਕੀਟ ਕਮੇਟੀ ਤਪਾ ਦੇ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ। ਉਨ੍ਹਾਂ ਮੰਗ ਕੀਤੀ ਕਿ ਆੜ੍ਹਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਉਨ੍ਹਾਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਦੇ ਧਿਆਨ ’ਚ ਵੀ ਇਹ ਮਾਮਲਾ ਲਿਆਉਣ ਦੀ ਗੱਲ ਕਹੀ। ਇਸ ਮੌਕੇ ਪ੍ਰੈਸ ਸਕੱਤਰ ਲਖਵੀਰ ਦੁੱਲਮਸਰ, ਗੁਰਨੈਬ ਸਿੰਘ ਧੌਲਾ, ਰਾਮ ਸਿੰਘ ਸ਼ਹਿਣਾ, ਕੁਲਬੰਤ ਸਿੰਘ ਭਦੌੜ, ਸੰਦੀਪ ਚੀਮਾ, ਗੁਰਤੇਜ ਸਿੰਘ ਤਾਜੋ, ਗੁਰਨਾਮ ਸਿੰਘ ਸੁਖਪੁਰਾ ਆਦਿ ਹਾਜ਼ਰ ਸਨ।
INDIA ਆੜ੍ਹਤੀਆਂ ਖ਼ਿਲਾਫ਼ ਕਾਰਵਾਈ ਕਰਾਉਣ ਲਈ ਮਾਰਕੀਟ ਕਮੇਟੀ ਦਾ ਘਿਰਾਓ