ਆਹਮੋ -ਸਾਹਮਣੇ

ਪ੍ਰਿੰ ਕੇਵਲ ਸਿੰਘ ਰੱਤੜਾ

(ਸਮਾਜ ਵੀਕਲੀ)

ਤੇਰੇ ਵਿਸ਼ਵਾਸ ਵੱਖਰੇ ਨੇ, ਤਾਹੀਉਂ ਵਿਚਾਰ ਵੱਖਰੇ ਨੇ
ਤੁਸੀਂ ਹਵਾ ਵੇਖ ਤੁਰਦੇ, ਤਾਹੀਉਂ ਕਿਰਦਾਰ ਵੱਖਰੇ ਨੇ।

ਸਾਨੂੰ ਡਰ ਹੈ ਡੋਲਣ ਦਾ, ਤੁਹਾਡਾ ਰਿਵਾਜ਼ ਇਹੀਉ ਹੈ
ਸਾਨੂੰ ਮਾਣ ਸੋਚਾਂ ਤੇ, ਤੁਹਾਡੇ ਹੰਕਾਰ ਵੱਖਰੇ ਨੇ।

ਅਸੀਂ ਖੇਤਾਂ ਦੇ ਜਾਏ, ਖੇਤ ਮਾਂ ਨੇ, ਮਿੱਟੀ ਨਹੀਂ
ਰੇਤਾ ਬੱਜਰੀ ਮਿੱਟੀ, ਥੋਡੇ ਵਪਾਰ ਅੱਥਰੇ ਨੇ।

ਮੁਗਲਾਂ ਜਜ਼ੀਏ ਲਾਏ, ਧਰਮਾਂ ਭੇਸ ਕਰਕੇ ਸੀ
ਤੁਹਾਡੀ ਲੁੱਟ ਤੇ ਨਿਰਪੇਖਤਾ ਦੇ ਸਾਰ ਚਤਰੇ ਨੇ।

ਜਿਨ੍ਹਾਂ ਨੇ ਬੇਟੀਆਂ ਬਚਾਈਆਂ, ਗ਼ਜ਼ਨੀ ਦੇ ਬਜ਼ਾਰਾਂ ਚੋਂ
ਮਾੜੀ ਅੱਖ ਉਹਨਾਂ ਵੱਲ, ਤੁਹਾਡੇ ਵਿਹਾਰ ਮਕਰੇ ਨੇ।

ਕਦੇ ਬਾਣੀਆਂ ਤੇ ਪਾਣੀਆਂ, ਬਿਜਲੀ ਤੇ ਹੋਏ ਕਾਬਜ਼,
ਹਮੇਸ਼ਾਂ ਸਾਜਿਸ਼ਾਂ ਰਾਂਹੀ ਕੀਤੇ, ਇਕਰਾਰ ਵੱਖਰੇ ਨੇ

ਕਦੇ ਵਿੱਚ ਹਰਿਮੰਦਰ, ਕਦੇ ਸੀ ਦਿੱਲੀ ਦੇ ਅੰਦਰ,
ਸੜਦੀ ਰੂਹ ਤੇ ਕੱਟੀ ਲਾਸ਼, ਹੋਏ, ਥਾਂ ਥਾਂ ਤੇ ਡੱਕਰੇ ਨੇ।

ਵੰਡ ਬੋਲੀਆਂ ਤਿਉਹਾਰ ਤੇ, ਸੱਥਾਂ ਦੀ ਰੌਣਕ ਨੂੰ,
ਬਣੇ ਪੰਜਾਬ ਤੇ ਬੰਗਾਲ ਹੀ, ਬਲੀ ਦੇ ਬੱਕਰੇ ਨੇ।

ਕਿਰਤੀ ਰੇਲ ਪਟੜੀ, ਸੜਕ ਤੋਂ ਹੁਣ ਦਿੱਲੀ ਜਾ ਬੈਠੇ,
ਮੰਨੋ ਮੰਗਾਂ ‘ਹਉਮੈ ਛੱਡ ‘ਰੱਤੜਾ’ ਕਾਹਦੇ ਨਖ਼ਰੇ ਨੇ।

– ਕੇਵਲ ਸਿੰਘ ਰੱਤੜਾ

Previous articleਰਾਜਨੀਤੀ
Next articleਡਾ. ਬੀ ਆਰ ਅੰਬੇਡਕਰ ਅਧਿਐਨ ਕੇਂਦਰ ਪੰਡੋਰੀ ਨਿੱਝਰਾਂ ਵਲੋਂ ਪ੍ਰੀਨਿਰਵਾਣ ਦਿਵਸ ਮੌਕੇ ਕੀਤਾ ਸਾਈਕਲ ਮਾਰਚ