(ਸਮਾਜ ਵੀਕਲੀ)
ਪਿੰਡ ਵਿੱਚ ਚਾਰ ਬੁੱਢੀਆਂ ਸਨ। ਚਾਰਾਂ ਵਿੱਚ ਲੜਾਈ ਚੱਲਦੀ ਰਹਿੰਦੀ ਕਿ ਸਭ ਤੋਂ ਵੱਡੀ ਕੌਣ ਹੈ। ਉਹ ਬਹਿਸ ਕਰਦੀਆਂ ਥੱਕ ਜਾਂਦੀਆਂ ਪਰ ਕੋਈ ਸਿੱਟਾ ਨਾ ਨਿਕਲਦਾ। ਪਿੰਡ ਵਿੱਚ ਇੱਕ ਪੜ੍ਹੀ ਲਿਖੀ ਨਵੀਂ ਵਹੁਟੀ ਆਈ ਸੀ। ਇੱਕ ਦਿਨ ਚਾਰੇ ਉਸ ਦੁਆਲੇ ਜਾ ਖੜੀਆਂ। ਪੁੱਤ ਫੈਸਲਾ ਕਰ ਕਿ ਸਾਡੇ ਚੋਂ ਵੱਡੀ ਕੌਣ ਹੈ ?
ਬਹੁ ਨੇ ਜੀ ਆਇਆਂ ਕਹਿੰਦਿਆਂ ਆਖਿਆ ਕਿ ਪਹਿਲਾਂ ਆਪਣਾ ਆਪਣਾ ਦੱਸੋ ਕਿ ਤੁਸੀਂ ਕੌਣ ਹੋ ?
ਪਹਿਲੀ ਨੇ ਆਖਿਆ ਕਿ ਮੈਂ ਭੁੱਖ ਹਾਂ। ਹਾਂ ਨਾ ਮੈਂ ਸਭ ਤੋਂ ਵੱਡੀ ?
ਬਹੁ ਨੇ ਆਖਿਆ, ” ਭੁੱਖ ਦਾ ਕੀ ਹੈ, ਇਹ ਤਾਂ ਛੱਤੀ ਤਰ੍ਹਾਂ ਦੇ ਪਦਾਰਥਾਂ ਨਾਲ ਵੀ ਮਿਟ ਜਾਂਦੀ ਹੈ ਤੇ ਰੁੱਖੀ ਮਿੱਸੀ ਖਾ ਕੇ ਵੀ।”
ਦੁੱਜੀ ਨੇ ਆਖਿਆ, ” ਮੈਂ ਪਿਆਸ ਹਾਂ। ਹਾਂ ਨਾ ਮੈਂ ਸਭ ਤੋਂ ਵੱਡੀ ? ”
ਬਹੁ ਨੇ ਆਖਿਆ, ” ਪਿਆਸ ਦਾ ਕੀ ਹੈ, ਇਹ ਤਾਂ ਗੰਗਾ ਜਲ ਪੀਣ ਨਾਲ ਵੀ ਮਿਟ ਸਕਦੀ ਹੈ ਤੇ ਛੱਪੜ ਦਾ ਪਾਣੀ ਪੀਣ ਨਾਲ ਵੀ।”
ਤੀਜੀ ਨੇ ਆਖਿਆ, ” ਮੈਂ ਨੀਂਦ ਹਾਂ। ਹਾਂ ਨਾ ਮੈਂ ਸਭ ਤੋਂ ਵੱਡੀ ? ”
ਬਹੁ ਨੇ ਆਖਿਆ ,” ਨੀਂਦ ਦਾ ਕੀ ਹੈ , ਇਹ ਤਾਂ ਮਖਮਲੇ ਗਦੈਲਿਆਂ ਤੇ ਵੀ ਆ ਜਾਂਦੀ ਹੈ ਤੇ ਪੱਥਰੀਲੀ ਜ਼ਮੀਨ ਤੇ ਵੀ।”
ਅੰਤ ਵਿੱਚ ਚੌਥੀ ਨੇ ਆਖਿਆ, ” ਮੈਂ ਆਸ ਹਾਂ। ਹਾਂ ਨਾ ਮੈਂ ਸਭ ਤੋਂ ਵੱਡੀ ?
ਬਹੁ ਨੇ ਉੱਠ ਕੇ ਉਸਦੇ ਪੈਰ ਛੂਹੇ ਤੇ ਕਿਹਾ, ” ਆਸ ਹੀ ਸਭ ਤੋਂ ਵੱਡੀ ਹੈ ਕਿਉਂਕਿ ਇਸਦਾ ਕੋਈ ਬਦਲ ਨਹੀਂ। ”
ਆਸ ਨਾਲ ਆਦਮੀ ਸੌ ਸਾਲ ਜਿਉਂਦਾ ਰਹਿ ਸਕਦਾ ਹੈ। ਜੇਕਰ ਆਸ ਟੁੱਟ ਜਾਵੇ ਤਾਂ ਘੜੀ ਪਲ ਵੀ ਨਹੀਂ ਨਿਕਲਦਾ। ਭਾਵੇਂ ਉਸਦੇ ਖ਼ਜ਼ਾਨੇ ਦੌਲਤਾਂ ਨਾਲ ਭਰੇ ਪਏ ਹੋਣ।
ਆਸ ਤੇ ਵਿਸ਼ਵਾਸ ਜ਼ਿੰਦਗੀ ਦੀ ਸ਼ਕਤੀ ਹਨ। ਕਰੋਨਾ ਇਸ ਦੇ ਅੱਗੇ ਕੀ ਚੀਜ਼ ਹੈ ?
ਮੰਨਿਆ ਕਿ ਸੰਕਟ ਹੈ। ਬਿਮਾਰੀ ਵੀ ਕੋਮਾਂਤਰੀ ਹੈ।ਪਰ ਇਸੇ ਵਿਸ਼ ਚੋਂ ਅੰਮ੍ਰਿਤ ਨਿਕਲਨਾ ਹੈ। ਅੰਤ ਨੂੰ ਜਿੱਤ ਮਾਨਵਤਾ ਦੀ ਹੀ ਹੋਣੀ ਹੈ।
( ਸੀਰੀਜ਼ : ਗੰਗਾ ਸਾਗਰ ਵਿਚੋਂ )
ਪੇਸ਼ਕਸ਼ : ਗੁਰਮਾਨ ਸੈਣੀ
ਰਾਬਤਾ : 8360487488
9256346906
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly