ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼) (ਸਮਾਜ ਵੀਕਲੀ): ਅਖੌਤੀ ਬਾਬਾ ਆਸਾਰਾਮ ਵੱਲੋਂ ਜਬਰ-ਜਨਾਹ ਪੀੜਤ ਇੱਕ ਲੜਕੀ ਦੇ ਪਿਤਾ ਨੇ ਆਸਰਾਮ ਦੇ ਸਮਰਥਕਾਂ ਵੱਲੋਂ ਆਪਣੇ ਪਰਿਵਾਰ ਦੀ ਸੁਰੱਖਿਆ ਪ੍ਰਤੀ ਖ਼ਤਰੇ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਇਹ ਚਿੰਤਾ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਵਿੱਚ ਆਸਾਰਾਮ ਦੇ ਇੱਕ ਆਸ਼ਰਮ ਵਿੱਚ ਖੜ੍ਹੀ ਕਾਰ ਵਿੱਚੋਂ ਇੱਕ ਲੜਕੀ ਦੀ ਲਾਸ਼ ਮਿਲਣ ਦੇ ਇੱਕ ਦਿਨ ਬਾਅਦ ਪ੍ਰਗਟਾਈ ਹੈ। ਪੀੜਤਾ ਦੇ ਪਿਤਾ ਨੇ ਅੱਜ ਪੀਟੀਆਈ ਕੋਲ ਫੋਨ ’ਤੇ ਦਾਅਵਾ ਕੀਤਾ, ‘‘ਆਸਾਰਾਮ ਦੇ ਇੱਕ ਸ਼ਰਧਾਲੂ ਨੇ 21 ਮਾਰਚ ਨੂੰ ਸਾਡੇ ਘਰ ਦੇ ਬਾਹਰ ਇੱਕ ਧਮਕੀ ਪੱਤਰ ਸੁੱਟਿਆ ਸੀ। ਪੱਤਰ ਵਿੱਚ ਘਟੀਆ ਸ਼ਬਦਾਵਲੀ ਵਰਤੀ ਗਈ ਅਤੇ ਵਿਅਕਤੀ ਵੱਲੋਂ ਉਸ ਵਿੱਚ ਆਪਣਾ ਪਤਾ ਵੀ ਦਿੱਤਾ ਗਿਆ ਹੈ।’’ ਧਮਕੀ ਤੋਂ ਬਾਅਦ ਪੁਲੀਸ ਵੱਲੋਂ ਦੋ ਮੁਲਾਜ਼ਮ ਉਨ੍ਹਾਂ ਦੇ ਘਰ ਦੇ ਬਾਹਰ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਡਿਊਟੀ ਤੋਂ ਹਟਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਸ ਦਿਨ ਵਿਅਕਤੀ ਵੱਲੋਂ ਧਮਕੀ ਪੱਤਰ ਮਿਲਿਆ ਉਸ ਦਿਨ ਸਿਰਫ਼ ਇੱਕ ਮੁਲਾਜ਼ਮ ਡਿਊਟੀ ’ਤੇ ਹਾਜ਼ਰ ਸੀ। ਪੀੜਤਾ ਦੇ ਪਿਤਾ ਨੇ ਦਾਅਵਾ ਕੀਤਾ, ‘‘ਮੈਂ ਇਸ ਸਬੰਧ ਵਿੱਚ ਲਿਖਤੀ ਸ਼ਿਕਾਇਤ ਦਿੱਤੀ ਸੀ ਪਰ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।’’
ਦੂਜੇ ਪਾਸੇ ਐੱਸਪੀ ਸੀਤਾਪੁਰ ਐੱਸ. ਆਨੰਦ ਨੇ ਕਿਹਾ, ‘‘ਸਾਨੂੰ ਕਿਸੇ ਵੀ ਪੀੜਤ ਜਾਂ ਉਸ ਦੇ ਪਰਿਵਾਰ ਨੂੰ ਧਮਕੀ ਸਬੰਧੀ ਕੋਈ ਰਿਪੋਰਟ ਨਹੀਂ ਮਿਲੀ। ਜੇਕਰ ਸਾਨੂੰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ। ਮੈਂ ਆਪਣੇ ਪੱਧਰ ’ਤੇ ਵੀ ਘਟਨਾ ਬਾਰੇ ਪੜਤਾਲ ਕਰਾਂਗਾ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly