ਆਸ਼ਾ ਵਰਕਰਾਂ ਦੀ ਭੁੱਖ ਹੜਤਾਲ ਸਤਾਰਵੇਂ ਦਿਨ ਵਿੱਚ ਦਾਖਲ

 ਮਾਨਸਾ (ਸਮਾਜ ਵੀਕਲੀ) ( ਔਲਖ):  ਆਸ਼ਾ ਵਰਕਰਜ਼ ਤੇ ਆਸ਼ਾ ਫੈਸਲੀਟੇਟਰਜ਼  ਯੁਨੀਅਨ ਪੰਜਾਬ ਦੇ ਸੱਦੇ ਤੇ ਜ਼ਿਲਿਆਂ ਅਤੇ ਬਲਾਕ ਪੱਧਰ ਤੇ ਲਗਾਤਾਰ ਭੁੱਖ ਹੜਤਾਲ ਜਾਰੀ ਹੈ। ਜੋ ਕਿ ਸਤਾਰਵੇਂ ਦਿਨ ਵਿੱਚ ਦਾਖਲ ਹੋ ਚੁੱਕੀ ਹੈ। ਸਿਵਲ ਹਸਪਤਾਲ ਮਾਨਸਾ ਵਿਖੇ ਅੱਜ ਪਰਮਜੀਤ ਕੌਰ, ਸਰਬਜੀਤ ਕੌਰ, ਵੀਰਪਾਲ ਕੌਰ, ਅਮਰਜੀਤ ਕੌਰ ਅਤੇ ਜਸਵੀਰ ਕੌਰ ਇਸ ਭੁੱਖ ਹੜਤਾਲ ਤੇ ਬੈਠੀਆਂ। ਇਸ ਮੌਕੇ ਆਸ਼ਾ ਵਰਕਰਾਂ ਅਤੇ ਆਸ਼ਾ ਫੈਸਲੀਟੇਟਰਾਂ ਨੇ ਸਰਕਾਰ ਅਤੇ ਸਿਹਤ ਮੰਤਰੀ ਖਿਲਾਫ ਨਾਅਰੇਬਾਜ਼ੀ ਕੀਤੀ।

ਯੁਨੀਅਨ ਦੇ ਵੱਖ-ਵੱਖ ਨੁਮਾਇੰਦਿਆਂ ਨੇ ਹੜਤਾਲ ਨੂੰ ਸੰਬੋਧਨ ਕੀਤਾ। ਬਲਜੀਤ ਕੌਰ ਆਸ਼ਾ ਫੈਸੀਲੇਟਰ ਨੇ ਕਿਹਾ ਕਿ ਆਸ਼ਾ ਵਰਕਰਾਂ ਸਿਹਤ ਮਹਿਕਮੇ ਦੀ ਰੀੜ ਦੀ ਹੱਡੀ ਹਨ। ਇਨ੍ਹਾਂ ਆਸ਼ਾ ਵਰਕਰਾਂ ਦੇ ਸਿਰ ਤੇ ਮਹਿਕਮੇ ਨੇ ਟੀਕਾਕਰਨ, ਜੱਚਾ ਰਜਿਸਟ੍ਰੇਸ਼ਨ, ਸੰਸਥਾਗਤ ਜਣੇਪੇ ਆਦਿ ਦੇ ਟੀਚੇ ਹਾਸਲ ਕਰ ਕੇ ਵਾਹ ਵਾਹ ਖੱਟੀ ਹੈ ਪਰ ਜਦੋਂ ਇਨ੍ਹਾਂ ਨੂੰ ਘੱਟੋ-ਘੱਟ ਕੁਝ ਬੱਝਵੀਂ ਤਨਖਾਹ ਦੀ ਗੱਲ ਆਉਂਦੀ ਹੈ ਤਾਂ ਸਿਹਤ ਮਹਿਕਮਾ ਅਣਸੁਣੀ ਕਰ ਦਿੰਦਾ ਹੈ। ਪਰ ਹੁਣ ਆਸ਼ਾ ਵਰਕਰਾਂ ਅਤੇ ਫਸਲੀਟੇਟਰਾਂ ਨੇ ਠਾਣ ਲਈ ਹੈ ਕਿ ਆਪਣੀਆਂ ਮੰਗਾਂ ਮਨਵਾ ਕੇ ਹੀ ਸਾਹ ਲੈਣਗੀਆਂ।

ਇਸ ਮੌਕੇ ਮਲਟੀਪਰਪਜ ਹੈਲਥ ਇੰਪਲਿਇਜ ਯੁਨੀਅਨ ਦੇ ਨੁਮਾਇੰਦੇ ਕੇਵਲ ਸਿੰਘ ਸਿੰਘ ਨੇ ਹੜਤਾਲ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਸ਼ਾ ਵਰਕਰਾਂ ਗਰਾਉਂਡ ਪੱਧਰ ਤੇ ਸਿਹਤ ਵਿਭਾਗ ਦੇ ਅਨੇਕਾਂ ਕੰਮ ਕਰਦੀਆਂ ਹਨ ਪਰ ਇਨ੍ਹਾਂ ਨੂੰ ਮਾਮੂਲੀ ਭੱਤੇ ਹੀ ਦਿੱਤੇ ਜਾਂਦੇ ਹਨ ਜਿਨ੍ਹਾਂ ਨਾਲ ਅੱਜ ਇਨੀਂ ਮਹਿੰਗਾਈ ਦੇ ਯੁੱਗ ਵਿਚ ਗੁਜਾਰਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਤੋਂ ਮੰਨ ਲੈਣਾ ਚਾਹੀਦਾ ਹੈ।

ਮਲਟੀਪਰਪਜ ਹੈਲਥ ਇੰਪਲਿਇਜ ਯੁਨੀਅਨ ਦੇ ਆਗੂ ਚਾਨਣ ਦੀਪ ਸਿੰਘ ਨੇ ਕਿਹਾ ਕਿ  ਮਲਟੀਪਰਪਜ ਹੈਲਥ ਇੰਪਲਿਇਜ ਯੁਨੀਅਨ ਆਸ਼ਾ ਵਰਕਰਾਂ ਦੇ ਇਸ ਸੰਘਰਸ਼ ਨੂੰ ਪੂਰੀ ਹਮਾਇਤ ਦਿੰਦੀ ਹੈ ਕਿਉਂਕਿ ਇਨ੍ਹਾਂ ਦੀਆਂ ਮੰਗਾਂ ਬਹੁਤ ਜਾਇਜ਼ ਹਨ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਦੇ ਕੋਵਿਡ-19 ਦੌਰਾਨ ਕੀਤੇ ਕੰਮ ਨੂੰ ਦੇਖਦੇ ਸਰਕਾਰ ਨੂੰ ਆਸ਼ਾ ਵਰਕਰਾਂ ਦੀਆਂ ਮੰਗਾਂ ਲਾਜ਼ਮੀ ਤੌਰ ਤੇ ਮੰਨਣੀਆਂ ਚਾਹੀਦੀਆਂ ਹਨ।  ਇਸ ਮੌਕੇ  ਗੁਰਮੀਤ ਕੌਰ, ਨਸੀਬ ਕੌਰ, ਗੀਤਾ ਰਾਣੀ, ਗਗਨਦੀਪ, ਸੁਖਨਿੰਦਰ ਕੌਰ, ਬਲਵਿੰਦਰ ਕੌਰ, ਨਿਰਭੈ ਸਿੰਘ ਆਦਿ ਹਾਜ਼ਰ ਸਨ ।

Previous articleਕੁੱਤੇ ਝਾਕ
Next articleIndia sending two teams to UN missions for Covid-19 effort