ਆਸਟ੍ਰੇਲੀਆ ਵਿਚ ਮਾਸਕ ਤੇ ਸੈਨੇਟਾਈਜ਼ਰ ਦੇ ਪੈਕਟਾਂ ਵਿਚੋਂ ਨਸ਼ੀਲੇ ਪਦਾਰਥ ਬਰਾਮਦ

ਸਿਡਨੀ-ਸਮਰਾ (ਸਮਾਜਵੀਕਲੀ) : ਆਸਟ੍ਰੇਲੀਆਈ ਬਾਰਡਰ ਪੁਲਸ ਦੇ ਅਧਿਕਾਰੀਆਂ ਨੇ ਸਿਡਨੀ ਵਿਚ ਤਕਰੀਬਨ ਦੋ ਕਿਲੋ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਬਰਾਮਦ ਕੀਤਾ ਹੈ, ਜਿਸ ਨੂੰ ਕੋਵਿਡ-19 ਨਾਲ ਸਬੰਧਤ ਸੁਰੱਖਿਆ ਉਪਕਰਣਾਂ ਦੇ ਪੈਕਟਾਂ ਵਿਚ ਲੁਕੋ ਕੇ ਲਿਜਾਇਆ ਜਾ ਰਿਹਾ ਸੀ। ਬਰਾਮਦ ਕੀਤਾ ਗਿਆ ਨਸ਼ੀਲਾ ਪਦਾਰਥ ਮੈਥਾਮਫੇਟਾਮਿਨ ਹੈ।

ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਇਸ ਤੋਂ ਪਹਿਲਾਂ 6 ਮਈ ਨੂੰ ਦਵਾਈਆਂ ਅਤੇ ਸੁਰੱਖਿਆ ਉਪਕਰਣਾਂ ਦੇ ਨਾਂ ‘ਤੇ ਨਸ਼ੀਲੇ ਪਦਾਰਥਾਂ ਦੀ ਇਕ ਖੇਪ ਫੜੀ ਗਈ ਸੀ, ਜਿਨ੍ਹਾਂ ਪੈਕਟਾਂ ਵਿਚ ਇਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਫੜਿਆ ਗਿਆ ਸੀ, ਉਹ ਕੈਨੇਡਾ ਤੋਂ ਆਏ ਸਨ। ਅਧਿਕਾਰੀਆਂ ਨੇ ਜਾਂਚ ਕਰਨ ਮਗਰੋਂ ਪਾਇਆ ਕਿ ਪੈਕਟ ਵਿਚ ਮਾਸਕ ਤੇ ਸੈਨੇਟਾਈਜ਼ਰ ਦੇ ਇਲਾਵਾ ਇਕ ਕਿਲੋ ਹੋਰ ਪਦਾਰਥ ਵੀ ਮੌਜੂਦ ਹੈ ਤੇ ਜਾਂਚ ਮਗਰੋਂ ਸਾਰੀ ਗੱਲ ਸਾਹਮਣੇ ਆਈ।

ਅਧਿਕਾਰੀਆਂ ਨੇ ਦੱਸਿਆ ਕਿ ਕੈਨੇਡਾ ਦੇ ਦੋ ਵੱਖ-ਵੱਖ ਸਪਲਾਈਕਰਤਾਵਾਂ ਵਲੋਂ ਇਹ ਪੈਕਟ ਆਏ ਸਨ। ਅਧਿਕਾਰੀਆਂ ਨੇ 8 ਮਈ ਨੂੰ ਹੀ ਕੈਨੇਡਾ ਤੋਂ ਆਏ ਦੂਜੇ ਪੈਕਟ ਨੂੰ ਫੜਿਆ ਸੀ। ਇਸ ਪੈਕਟ ਵਿਚ ਮਾਸਕ ਤੇ ਸੈਨੇਟਾਈਜ਼ਰ ਦੇ ਨਾਲ ਹੀ ਦੋ ਬੋਤਲਾਂ ਵਿਚ ਨਸ਼ੀਲਾ ਪਦਾਰਥ ਸੀ। ਅਧਿਕਾਰੀ ਇਸ ਗੱਲ ‘ਤੇ ਨਜ਼ਰ ਰੱਖ ਰਹੇ ਹਨ ਕਿ ਮੌਜੂਦਾ ਸਥਿਤੀ ਦਾ ਲਾਭ ਉਠਾ ਕੇ ਤਸਕਰ ਨਸ਼ਿਆਂ ਦੀ ਖੇਪ ਨਾ ਲਿਆਉਣੀ ਸ਼ੁਰੂ ਕਰ ਦੇਣ।

Previous articleTV actress Rachanaa Parulkkar chops her hair short amid lockdown
Next article239 ਭਾਰਤੀ ਪਹੁੰਚੇ ਇਟਲੀ ਤੋਂ ਭਾਰਤ