ਆਸਟ੍ਰੇਲੀਆ ਨੇ ਬੀਜਿੰਗ ‘ਚ ਗਿ੍ਫ਼ਤਾਰ ਕੀਤੇ ਗਏ ਚੀਨੀ ਮੂਲ ਦੇ ਆਸਟ੍ਰੇਲੀਆਈ ਪੱਤਰਕਾਰ ਨਾਲ ਹੋ ਰਹੇ ਵਿਹਾਰ ਦੀ ਸੋਮਵਾਰ ਨੂੰ ਆਲੋਚਨਾ ਕੀਤੀ ਤੇ ਉਨ੍ਹਾਂ ਦੇ ਉੱਪਰ ਚਲਾਏ ਜਾ ਰਹੇ ਕੇਸ ਦਾ ਬਿਓਰਾ ਮੰਗਿਆ। ਉੱਥੇ ਹੀ ਚੀਨ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ‘ਚ ਕਾਨੂੰਨ ਦਾ ਪਾਲਨ ਕੀਤਾ ਜਾ ਰਿਹਾ ਹੈ।
ਚੀਨ ਦੇ ਸਾਬਕਾ ਡਿਪਲੋਮੈਟ ਤੇ ਆਨਲਾਈਨ ਪੱਤਰਕਾਰ ਦੇ ਬਲਾਗਰ ਯਾਂਗ ਹੇਂਗਜੁਨ ਨੂੰ ਜਾਸੂਸੀ ਦੇ ਸ਼ੱਕ ‘ਚ ਬੀਤੇ ਅਗਸਤ ‘ਚ ਗ਼ੈਰ ਰਸਮੀ ਤੌਰ ‘ਤੇ ਗਿ੍ਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸੱਤ ਮਹੀਨਿਆਂ ਤਕ ਉਨ੍ਹਾਂ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਦੱਖਣੀ ਸ਼ਹਿਰ ਗਵਾਂਗਝੂ ‘ਚ ਹਿਰਾਸਤ ‘ਚ ਰੱਖਿਆ ਗਿਆ ਸੀ। ਜਾਸੂਸੀ ‘ਚ ਦੋਸ਼ੀ ਪਾਏ ਜਾਣ ‘ਤੇ ਚੀਨ ‘ਚ ਸਜ਼ਾ-ਏ-ਮੌਤ ਦਾ ਪ੍ਰਬੰਧ ਹੈ।
ਕੈਨਬਰਾ ‘ਚ ਮੀਡੀਆ ਨਾਲ ਗੱਲਬਾਤ ‘ਚ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਕਿ ਆਸਟ੍ਰੇਲੀਆਈ ਨਾਗਰਿਕ ਦਾ ਹਿੱਤਾ ਸਾਡੀ ਪਹਿਲ ਹੈ। ਅਸੀਂ ਯਾਂਗ ਖ਼ਿਲਾਫ਼ ਚਲਾਏ ਜਾ ਰਹੇ ਮਾਮਲੇ ਦਾ ਵੇਰਵਾ ਦੇਖਣਾ ਚਾਹੁੰਦੇ ਹਾਂ ਤੇ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਉਹ ਆਪਣੇ ਵਕੀਲਾਂ ਤੇ ਪਰਿਵਾਰਾਂ ਨੂੰ ਮਿਲ ਸਕਣ। ਵਿਦੇਸ਼ ਮੰਤਰੀ ਮੈਰਿਸ ਪੈਨੇ ਨੇ ਕਿਹਾ ਕਿ ਆਸਟ੍ਰੇਲੀਆਈ ਕਾਰੋਬਾਰੀ ਦੂਤ ਘਰ ਦੇ ਅਧਿਕਾਰੀ ਕੁਝ ਸਮਾਂ ਪਹਿਲਾਂ ਯਾਂਗ ਨੂੰ ਮਿਲੇ ਸਨ। ਉਨ੍ਹਾਂ ਨੇ ਯਾਂਗ ਦੀ ਜਿਹੜੀ ਸਥਿਤੀ ਦੱਸੀ ਸੀ ਉਹ ਸਵੀਕਾਰ ਨਹੀਂ ਕੀਤੀ ਜਾ ਸਕਦੀ।
ਆਸਟ੍ਰੇਲੀਆ ਦੀ ਇਸ ਪ੍ਰਤੀਕਿਰਿਆ ‘ਤੇ ਚੀਨ ਦੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੁਆ ਚੁਨਿਯੰਗ ਨੇ ਬੀਜਿੰਗ ‘ਚ ਕਿਹਾ ਕਿ ਸਾਡੀਆਂ ਅਦਾਲਤਾਂ ਕਾਨੂੰਨ ਮੁਤਾਬਕ ਕੰਮ ਕਰਦੀਆਂ ਹਨ। ਅਸੀਂ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਤੇ ਹਿੱਤਾਂ ਦੀ ਪੂਰੀ ਗਾਰੰਟੀ ਦਿੰਦੇ ਹਾਂ। ਯਾਂਗ ਸਿਹਤਮੰਦ ਹਨ ਤੇ ਉਨ੍ਹਾਂ ‘ਤੇ ਕਿਸੇ ਤਰ੍ਹਾਂ ਦਾ ਅੱਤਿਆਚਾਰ ਨਹੀਂ ਕੀਤਾ ਗਿਆ।