ਆਸਟ੍ਰੇਲੀਆ : ਆਸਟ੍ਰੇਲੀਆ ਦੇ ਜੰਗਲਾਂ ਵਿਚ ਪਿਛਲੇ ਕਈ ਮਹੀਨਿਆਂ ਤੋਂ ਲੱਗੀ ਅੱਗ ਹੁਣ ਤਕ ਕਰੋੜਾਂ ਜੰਗਲੀ ਜਾਨਵਰਾਂ ਤੇ ਹੋਰ ਜੀਵ ਜੰਤੂਆਂ ਨੂੰ ਨਿਗਲ ਚੁੱਕੀ ਹੈ। ਇਸ ਮਗਰੋਂ ਦੁਨੀਆ ਭਰ ਦੇ ਲੋਕਾਂ ਵਲੋਂ ਅੱਗ ਬੁਝਣ ਦੀਆਂ ਦੁਆਵਾਂ ਕੀਤੀਆਂ ਜਾ ਰਹੀਆਂ ਸਨ।
ਇਸੇ ਦੌਰਾਨ ਉਸ ਸਮੇਂ ਇਕ ਬੇਹੱਦ ਸੁਖਦਾਈ ਖ਼ਬਰ ਆਈ ਹੈ ਜਦੋਂ ਲੋਕਾਂ ਦੀਆਂ ਦੁਆਵਾਂ ਅਨੁਸਾਰ ਆਸਟ੍ਰੇਲੀਆ ਵਿਚ ਅਚਾਨਕ ਬਾਰਿਸ਼ ਪੈਣੀ ਸ਼ੁਰੂ ਹੋ ਗਈ। ਬਾਰਿਸ਼ ਸ਼ੁਰੂ ਹੁੰਦਿਆਂ ਹੀ ਲੋਕਾਂ ਨੇ ਇਸ ਦਾ ਸਵਾਗਤ ਨੱਚ ਟੱਪ ਕੇ ਕੀਤਾ। ਲੋਕਾਂ ਨੇ ਬਾਰਿਸ਼ ‘ਚ ਨੱਚਦਿਆਂ ਟੱਪਦਿਆਂ ਖ਼ੁਸ਼ੀ ਦੀ ਇਜਹਾਰ ਕੀਤਾ।
ਜ਼ਿਕਰਯੋਗ ਹੈ ਕਿ ਭਿਆਨਕ ਗਰਮੀ ਦੇ ਚਲਦਿਆਂ ਆਸਟ੍ਰੇਲੀਆਂ ਦੇ ਜੰਗਲਾਂ ਵਿਚ ਪਿਛਲੇ ਕਾਫ਼ੀ ਦਿਨਾਂ ਤੋਂ ਭਿਆਨਕ ਅੱਗ ਲੱਗੀ ਹੋਈ ਸੀ। ਇਸ ਅੱਗ ਨੇ ਜਿੱਥੇ 50 ਕਰੋੜ ਦੇ ਕਰੀਬ ਜੰਗਲੀ ਜਾਨਵਰਾਂ ਨੂੰ ਨਿਗਲ ਲਿਐ ਉਥੇ ਹੀ ਆਸਪਾਸ ਦੇ ਖੇਤਰਾਂ ਵਿਚ ਕਿਸਾਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਇਸ ਦੀਆਂ ਲਪਟਾਂ ਰੁੱਖਾਂ ਤੋਂ ਉਚੀਆਂ ਵੇਖੀਆਂ ਜਾ ਸਕਦੀਆਂ ਸਨ।
ਭਾਵੇਂ ਕਿ ਆਸਟ੍ਰੇਲੀਆ ਸਰਕਾਰ ਵਲੋਂ ਅੱਗ ਲੱਗਣ ਤੋਂ ਬਾਅਦ ਲਗਾਤਾਰ ਅੱਗ ਨੂੰ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਸਨ ਪਰ ਅੱਗ ਜ਼ਿਆਦਾ ਭਿਆਨਕ ਹੋਣ ਕਰ ਕੇ ਇਨ੍ਹਾਂ ਯਤਨਾਂ ਨੂੰ ਬੂਰ ਨਹੀਂ ਪੈ ਸਕਿਆ। ਇਸ ਭਿਆਨਕ ਅੱਗ ਨੇ ਜਾਨਵਰਾਂ ਨੂੰ ਹੀ ਨੁਕਸਾਨ ਨਹੀਂ ਪਹੁੰਚਾਇਆ ਬਲਕਿ ਇਸ ਨਾਲ ਆਸਪਾਸ ਵਸਦੇ ਲੱਖਾਂ ਲੋਕਾਂ ਦਾ ਉਜਾੜਾ ਹੋ ਗਿਆ ਹੈ। ਬਹੁਤ ਸਾਰੀਆਂ ਸਿੱਖ ਸੰਸਥਾਵਾਂ ਇਨ੍ਹਾਂ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ।
ਸਾਰਿਆਂ ਵਲੋਂ ਅੱਗ ‘ਤੇ ਕਾਬੂ ਪਾਏ ਜਾਣ ਦੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ ਪਰ ਅੱਜ ਪ੍ਰਮਾਤਮਾ ਨੇ ਇਨ੍ਹਾਂ ਅਰਦਾਸਾਂ ਨੂੰ ਕਬੂਲ ਕਰਦਿਆਂ ਆਸਟ੍ਰੇਲੀਆ ਵਿਚ ਬਾਰਿਸ਼ ਦੀ ਝੜੀ ਲਗਾ ਦਿਤੀ ਹੈ। ਇਸ ਤੋਂ ਬਾਅਦ ਲੋਕ ਖ਼ੁਸ਼ੀ ਵਿਚ ਝੂਮਣ ਲੱਗ ਪਏ।
ਬਾਰਿਸ਼ ਦੇ ਚਲਦਿਆਂ ਹੁਣ ਉਮੀਦ ਕੀਤੀ ਜਾ ਰਹੀ ਐ ਕਿ ਜੰਗਲਾਂ ਵਿਚ ਲੱਗੀ ਜਲਦ ਹੀ ਬੁਝ ਜਾਵੇਗੀ। ਇਸ ਨਾਲ ਜਿੱਥੇ ਜੰਗਲੀ ਜਾਨਵਰਾਂ ਨੂੰ ਰਾਹਤ ਮਿਲੇਗੀ, ਉਥੇ ਹੀ ਲੋਕਾਂ ਨੂੰ ਵੀ ਧੂੰਏਂ ਅਤੇ ਗਰਮੀ ਤੋਂ ਰਾਹਤ ਮਿਲ ਸਕੇਗੀ। ਇਸ ਨਾਲ ਵਾਤਾਵਰਣ ਨੂੰ ਹੋ ਰਹੇ ਭਾਰੀ ਨੁਕਸਾਨ ਤੋਂ ਵੀ ਤੁਰੰਤ ਰਾਹਤ ਮਿਲਣ ਦੀ ਸੰਭਾਵਨਾ ਹੈ।