ਸਿਡਨੀ (ਸਮਾਜਵੀਕਲੀ) : ਆਸਟਰੇਲੀਆ ਵਿੱਚ ਕਰੋਨਾ ਵਾਇਰਸ ਦੇ ਮੁੜ ਪੈਰ ਪਸਾਰਨ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਵੱਖ-ਵੱਖ ਸੂਬਿਆਂ ਨੇ ਆਪੋ-ਆਪਣੀਆਂ ਸਰਹੱਦਾਂ ਨੂੰ ਖੋਲ੍ਹਣ ਤੋਂ ਪੈਰ ਪਿਛਾਂਹ ਖਿੱਚ ਲਏ ਹਨ। ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੇ 270 ਨਵੇਂ ਕੇਸ ਆਏ ਹਨ। ਵਿਕਟਰੋਰੀਆ ਸੂਬੇ ਨਾਲ ਸਬੰਧਿਤ ਦੋ ਵਿਅਕਤੀਆਂ ਦੀ ਅੱਜ ਮੌਤ ਹੋ ਗਈ ਹੈ।
ਹੁਣ ਤੱਕ ਕਰੋਨਾ ਦੇ 10250 ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 110 ਮੌਤਾਂ ਹੋਈਆਂ ਹਨ। ਦੂਜੇ ਪਾਸੇ 7835 ਸਿਹਤਯਾਬ ਹੋਏ ਹਨ ਅਤੇ 2307 ਕੇਸ ਸਰਗਰਮ ਹਨ, ਜਦੋਂਕਿ 28 ਦੀ ਹਾਲਤ ਚਿੰਤਾਜਨਕ ਹੈ। ਸਰਕਾਰ ਕਲੱਬਾਂ, ਰੈਸਤਰਾਂ, ਜਨਤਕ, ਕੰਮ-ਕਾਜੀ ਥਾਵਾਂ ’ਤੇ ਇਕੱਠਾਂ ਦੀ ਗਿਣਤੀ ਸੀਮਤ ਕਰਨ ’ਤੇ ਵਿਚਾਰ ਕਰ ਰਹੀ ਹੈ। ਸਿਡਨੀ ਵਿੱਚ 13 ਨਵੇਂ ਕਰੋਨਾ ਪੀੜਤ ਵਿਅਕਤੀ ਮਿਲੇ ਹਨ। ਮੈਲਬਰਨ ਸ਼ਹਿਰ ਕਰੋਨਾ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ।
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਰੋਨਾ ਨਾਲ ਜੂਝ ਰਹੇ ਵਿਕਟੋਰੀਆ ਸੂਬੇ ਦੀ ਸਹਾਇਤਾ ਲਈ ਇੱਕ ਹਜ਼ਾਰ ਸੁਰੱਖਿਆ ਜਵਾਨ ਤਾਇਨਾਤ ਕਰਨ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਦਾ ਟਾਕਰਾ ਸਿਰਫ਼ ਜਾਗਰੂਕ ਹੋ ਕੇ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕ ਕਿਉ ਭੁੱਲ ਰਹੇ ਹਨ ਕਿ ਸਾਵਧਾਨੀਆਂ ਵਰਤੇ ਬਿਨਾਂ ਇਸ ਮਹਾਮਾਰੀ ’ਤੇ ਕਾਬੂ ਨਹੀਂ ਪਾਇਆ ਜਾ ਸਕਦਾ।