ਭਾਰਤੀ ਮੂਲ ਦੀ ਡਾ. ਪ੍ਰੀਤੀ ਰੈੱਡੀ (32) ਦਾ ਕਤਲ ਹੋ ਗਿਆ ਹੈ। ਉਸ ਦੀ ਲਾਸ਼ ਕਾਰ ਵਿਚ ਰੱਖੇ ਸੂਟਕੇਸ ਵਿੱਚੋਂ ਬਰਾਮਦ ਹੋਈ ਹੈ। ਕਤਲ ਪਿੱਛੇ ਉਸ ਦੇ ਦੋਸਤ ਰਹਿ ਚੁੱਕੇ ਭਾਰਤੀ ਮੂਲ ਦੇ ਡਾ. ਹਰਸ਼ਵਰਧਨ ਨਾਰਡੇ (34) ਦਾ ਹੱਥ ਦੱਸਿਆ ਗਿਆ ਹੈ ਜਿਸਦੀ ਬੀਤੀ ਰਾਤ ਇੱਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਇਹ ਦੋਵੇਂ ਦੰਦਾਂ ਦੇ ਮਾਹਿਰ ਡਾਕਟਰ ਸਨ। ਡਾ. ਪ੍ਰੀਤੀ ਆਸਟਰੇਲੀਆ ਦੀ ਜੰਮਪਲ ਸੀ ਜਦਕਿ ਡਾਕਟਰ ਹਰਸ਼ਵਰਧਨ ਨੇ ਬੰਗਲੌਰ ਤੋਂ 2009 ’ਚ ਡਿਗਰੀ ਪਾਸ ਕੀਤੀ ਸੀ।
ਡਾ. ਪ੍ਰੀਤੀ ਰੈੱਡੀ ਸਿਡਨੀ ਵਿਚ ਸ਼ਨਿਚਰਵਾਰ ਨੂੰ ਮੁਕੰਮਲ ਹੋਏ ਡਾਕਟਰੀ ਸੰਮੇਲਨ ਤੋਂ ਬਾਅਦ ਲਾਪਤਾ ਸੀ। ਉਸ ਦੇ ਮਾਪਿਆਂ ਨੇ ਐਤਵਾਰ ਸ਼ਾਮ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਉਹ ਲਾਪਤਾ ਹੈ। ਜਾਣਕਾਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਡਾ. ਰੈੱਡੀ ਤੇ ਡਾ. ਹਰਸ਼ਵਰਧਨ ਨੇ ਭਾਰਤੀ ਰੈਸਟੋਰੈਂਟ ਵਿਚ ਸ਼ਾਮ ਨੂੰ ਖਾਣਾ ਖਾਧਾ ਸੀ ਜਿਸ ਤੋਂ ਬਾਅਦ ਉਹ ਆਪਣੇ ਬੁੱਕ ਕਰਵਾਏ ਹੋਟਲ ਦੇ ਕਮਰੇ ਵਿਚ ਚਲੀ ਗਈ। ਪਰਿਵਾਰ ਨੇ ਪੁਲੀਸ ਨੂੰ ਦੱਸਿਆ ਕਿ ਡਾ. ਰੈੱਡੀ ਨੇ ਕਈ ਸਾਲ ਪਹਿਲਾਂ ਹਰਸ਼ਵਰਧਨ ਨਾਲ ਆਪਣੀ ਦੋਸਤੀ ਟੁੱਟੀ ਹੋਣ ਬਾਰੇ ਦੱਸਿਆ ਸੀ। ਪੁਲੀਸ ਨੇ ਇਸ ਮਾਮਲੇ ’ਚ ਸੋਮਵਾਰ ਨੂੰ ਡਾ. ਹਰਸ਼ਵਰਧਨ ਪਾਸੋਂ ਡਾ. ਰੈੱਡੀ ਦੇ ਗੁੰਮ ਹੋਣ ਬਾਰੇ ਪੁੱਛ-ਪੜਤਾਲ ਕੀਤੀ ਸੀ। ਸੋਮਵਾਰ ਰਾਤ ਡਾ. ਹਰਸ਼ਵਰਧਨ ਦੀ ਤੇਜ਼ ਰਫ਼ਤਾਰ ਕਾਰ ਦੀ ਸਾਹਮਣਿਓਂ ਆ ਰਹੇ ਇੱਕ ਟਰੱਕ ਨਾਲ ਭਿਆਨਕ ਟੱਕਰ ਹੋ ਗਈ ਸੀ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਮੁੱਢਲੀ ਜਾਂਚ ਮੁਤਾਬਕ ਡਾ. ਹਰਸ਼ਵਰਧਨ ਵੱਲੋਂ ਸੜਕ ਹਾਦਸੇ ਰਾਹੀਂ ਆਤਮਹੱਤਿਆ ਕੀਤੀ ਲੱਗ ਰਹੀ ਹੈ। ਅੱਜ ਸਵੇਰੇ ਪੁਲੀਸ ਨੂੰ ਸਿਡਨੀ ਸ਼ਹਿਰ ਦੀ ਗਲੀ ਕਿੰਗਜ਼ਫੋਰਡ ਵਿੱਚ ਡਾ. ਰੈੱਡੀ ਦੀ ਕਾਰ ਬਰਾਮਦ ਹੋਈ ਜਿਸਦੀ ਤਲਾਸ਼ੀ ਲੈਣ ‘ਤੇ ਉਸ ’ਚੋਂ ਮ੍ਰਿਤਕਾ ਦੀ ਲਾਸ਼ ਇੱਕ ਸੂਟਕੇਸ ਵਿਚੋਂ ਮਿਲੀ।
World ਆਸਟਰੇਲੀਆ ਵਿਚ ਭਾਰਤੀ ਮੂਲ ਦੀ ਡੈਂਟਿਸਟ ਦਾ ਕਤਲ